ਸਿੰਘ ਸਭਾ ਲਹਿਰ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਸਿੰਘ ਸਭਾ ਲਹਿਰ: ਸਿੰਘ ਸਭਾ ਦੀ ਸਥਾਪਨਾ ਉਦੋਂ ਹੋਈ, ਜਦੋਂ ਸਿੱਖ ਸਮਾਜ ਅਧੋਗਤੀ ਨੂੰ ਪਹੁੰਚ ਚੁਕਿਆ ਸੀ। ਸੰਨ 1849 ਈ. ਦੀ ਦੂਜੀ ਸਿੱਖ-ਅੰਗ੍ਰੇਜ਼ ਜੰਗ ਤੋਂ ਬਾਦ ਪੰਜਾਬ ਸਥਾਈ ਤੌਰ ’ਤੇ ਅੰਗ੍ਰੇਜ਼ੀ ਅਧਿਕਾਰ ਵਿਚ ਕਰ ਲਿਆ ਗਿਆ ਅਤੇ ਇਥੇ ਈਸਾਈ ਮਿਸ਼ਨਰੀਆਂ ਨੇ ਆਪਣੇ ਧਰਮ ਦੇ ਪ੍ਰਚਾਰ ਦਾ ਕੰਮ ਪੂਰੇ ਜ਼ੋਰ-ਸ਼ੋਰ ਨਾਲ ਆਰੰਭ ਕਰ ਦਿੱਤਾ। ਪੰਜਾਬ ਵਿਚ ਸਿੱਖ ਰਾਜ ਦੇ ਸਮਾਪਤ ਹੋ ਜਾਣ ਤੋਂ ਬਾਦ ਮਹਾਰਾਜਾ ਦਲੀਪ ਸਿੰਘ ਵੀ ਈਸਾਈ ਬਣ ਗਿਆ ਸੀ। ਅੰਮ੍ਰਿਤਸਰ ਦੇ ਚਾਰ ਵਿਦਿਆਰਥੀਆਂ ਨੇ ਈਸਾਈ ਧਰਮ ਵਿਚ ਪ੍ਰਵੇਸ਼ ਕਰਨ ਲਈ ਆਪਣਾ ਮਨ ਬਣਾ ਲਿਆ ਸੀ। ਅਜਿਹੀ ਦਸ਼ਾ ਵਿਚ ਪੰਥ ਦੇ ਦਰਦੀਆਂ ਦੀਆਂ ਅੱਖਾਂ ਖੁਲ੍ਹੀਆਂ। ਇਸ ਤੋਂ ਪਹਿਲਾਂ ਨਿਰੰਕਾਰੀ ਅਤੇ ਨਾਮਧਾਰੀ ਲਹਿਰਾਂ ਨੇ ਭਾਵੇਂ ਸਿੱਖਾਂ ਦੇ ਸੁਧਾਰ ਲਈ ਕੁਝ ਵਿਸ਼ੇਸ਼ ਕੰਮ ਕੀਤੇ ਸਨ ਪਰ ਕਈ ਕਾਰਣਾਂ ਕਰਕੇ ਉਹ ਦਰਪੇਸ਼ ਸਮਸਿਆਵਾਂ ਉਤੇ ਪੂਰੀ ਤਰ੍ਹਾਂ ਕਾਬੂ ਪਾਉਣ ਵਿਚ ਕਾਮਯਾਬ ਨ ਹੋ ਸਕੀਆਂ।

        ਸਥਿਤੀ ਤੋਂ ਉਭਰਨ ਲਈ 28 ਜੁਲਾਈ, 1973 ਈ. ਨੂੰ ਸ. ਠਾਕੁਰ ਸਿੰਘ ਸੰਧਾਵਾਲੀਆ ਨੇ ਅੰਮ੍ਰਿਤਸਰ ਮਜੀਠੀਆ ਦੇ ਬੁੰਗੇ ਵਿਚ ਸਿੱਖ ਕੌਮ ਦੀਆਂ ਸਾਰੀਆਂ ਸੰਪ੍ਰਦਾਵਾਂ, ਧਰਮ-ਧਾਮਾਂ ਦੇ ਪ੍ਰਤਿਨਿਧੀਆਂ, ਗਿਆਨੀਆਂ, ਵਿਦਵਾਨਾਂ ਦਾ ਇਕ ਇਕੱਠ ਕੀਤਾ ਅਤੇ ਕੌਮ ਦੀ ਅਧੋਗਤੀ ਨੂੰ ਸਪੱਸ਼ਟ ਕਰਕੇ ਸਿੰਘ­ ਸਭਾ ਦੀ ਸਥਾਪਨਾ ਦਾ ਪ੍ਰਸਤਾਵ ਰਖਿਆ। ਇਸ ਤੋਂ ਬਾਦ 1 ਅਕਤੂਬਰ 1873 ਈ. ਨੂੰ ਦੁਪਹਿਰ ਦੇ ਦੋ ਵਜੇ ਮੰਜੀ ਸਾਹਿਬ, ਅੰਮ੍ਰਿਤਸਰ ਵਿਖੇ ‘ਸ੍ਰੀ ਗੁਰੂ ਸਿੰਘ ਸਭਾ’ ਦੀ ਉਦਘਾਟਨੀ ਇਕਤ੍ਰਤਾ ਹੋਈ। ਇਹ ਸਭਾ ‘ਸ੍ਰੀ ਗੁਰੂ ਸਿੰਘ ਸਭਾ ਅੰਮ੍ਰਿਤਸਰ’ ਦੇ ਨਾਂ ਹੇਠ ਐਕਟ xxi 1860 ਅਧੀਨ ਸਥਾਪਿਤ ਕੀਤੀ ਗਈ। ਸਿੰਘ ਸਭਾ ਦੇ ਵਿਸ਼ੇਸ਼ ਨਿਯਮ ਅਤੇ ਉਦੇਸ਼ ਇਸ ਪ੍ਰਕਾਰ ਸਨ :

(1)    ਤਮਾਮ ਸਿੱਖ ਭਾਈ ਅਤੇ ਖ਼ਾਲਸਾ ਜੀ ਨੂੰ ਸਿਖੀ ਧਰਮ ਦੇ ਨਾਲ ਪਿਆਰ ਰਖਣਾ।

(2)   ਇਸ ਸਰੈਸ਼ਟ ਧਰਮ ਦੇ ਨਿਯਮਾਂ ਨੂੰ ਪ੍ਰਗਟ ਕਰਨਾ ਅਤੇ ਥਾਂ ਪਰ ਥਾਂ ਇਸ ਧਰਮ ਦੀ ਚਰਚਾ ਕਰਨੀ।

(3)   ਜਿਨ੍ਹਾਂ ਪੋਥੀਆਂ ਕਿਤਾਬਾਂ ਵਿਚ ਇਸ ਧਰਮ ਦੀ ਵਡਿਆਈ ਪਾਈ ਜਾਂਦੀ ਹੈ, ਉਹਨਾਂ ਨੂੰ ਛਪਵਾ ਕੇ ਪ੍ਰਗਟ ਕਰਨਾ।

(4)   ਸੰਪ੍ਰਦਾਇ ਬਾਣੀ ਨੂੰ ਪ੍ਰਗਟ ਕਰਨਾ ਅਤੇ ਉਹਨਾਂ ਤਾਰੀਖੀ ਮਜ੍ਹਬੀ ਪੋਥੀਆਂ ਨੂੰ (ਜੈਸੇ ਜਨਮ ਸਾਖੀ ਅਤੇ ਗੁਰ ਪ੍ਰਨਾਲੀ ਆਦਿਕ), ਜਿਹਨਾਂ ਵਿਚ ਕਿਸੀ ਤਰ੍ਹਾਂ ਦਾ ਕੁਝ ਸ਼ੰਸਾ ਹੈ, ਉਹਨਾਂ ਨੂੰ ਅਸਲੇ ਕਢਾਇਕੇ ਅੱਗਾ -ਪਿਛਾ ਦੇਖ ਕੇ ਸ਼ੁਧ ਕਰਨਾ।

(5).  ਪੰਜਾਬੀ ਜ਼ਬਾਨ ਦੁਆਰਾ ਇਲਮ ਮੁਰੱਵਜੇ ਦੀ ਉਨਤੀ ਕਰਨੀ ਅਤੇ ਇਸ ਅਭਿਪ੍ਰਇ ਨਾਲ ਰਸਾਲੇ ਤੇ ਅਖ਼ਬਾਰਾਂ ਨਿਕਲਾਣੀਆਂ।

(6)   ਜੋ ਲੋਕ ਸਿਖੀ ਧਰਮ ਦੇ ਵਿਰੋਧੀ ਹਨ ਅਥਵਾ ਜਿਨ੍ਹਾਂ ਇਸ ਦੇ ਵਿਰੁਧ ਕੁਝ ਕਿਹਾ ਅਥਵਾ ਸੁਣਿਆ ਹੈ ਅਥਵਾ ਜੋ ਸਿਖ ਲੋਕ ਤਖ਼ਤਾਂ ਤੋਂ ਖਾਰਜ ਹਨ ਅਥਵਾ ਜਿਨ੍ਹਾਂ ਨੇ ਆਪਣੇ ਕੇਸ਼ਾਂ ਦੀ ਬੇਅਦਬੀ ਕਰਾਈ ਹੋਵੇ ਅਥਵਾ ਜੋ ਸਰਕਾਰ ਦੇ ਨਜ਼ਦੀਕ ਮੁਫਸਦ ਗਿਣੇ ਗਏ ਹੋਣ ਅਥਵਾ ਜੋ ਸੁਲਾਹ ਮਿਨਤ ਤੇ ਭਲਾਈ ਕੌਮ ਦੇ ਵਿਰੋਧੀ ਹੋਣ, ਸਿੰਘ ਸਭਾ ਦੇ ਮੈਂਬਰ ਨਹੀਂ ਬਣ ਸਕਦੇ, ਮਗਰ ਜਦ ਇਹਨਾਂ ਵਿਚੋਂ ਕੋਈ ਪਿਛਲੀ ਕੀਤੀ ਤੋਂ ਤਨਖਾਹ ਲੁਆਵੇ ਤੇ ਅਗੇ ਸਭਾ ਦੀ ਰਾਇ ਹੋ ਜਾਵੇ ਤਾਂ ਮਿਲ ਸਕਦੇ ਹਨ।

(7)   ਵਡੇ ਮਰਤਬੇ ਵਾਲੇ ਅੰਗਰੇਜ਼ ਬਹਾਦੁਰ ਵਿਦਿਆ ਸ਼ਾਖ ਦੇ ਮੈਂਬਰ ਬਣ ਸਕਦੇ ਹਨ। ਹੋਰ ਕੌਮਾਂ ਦੇ ਪੰਥਾਂ ਦੇ ਲੋਕ ਵੀ ਇਸ ਸਭਾ ਦੇ ਮੈਂਬਰ ਤਦ ਬਣ ਸਕਦੇ ਹਨ ਜਦ ਪਕੀ ਤਰ੍ਹਾਂ ਮਲੂਮ ਹੋ ਜਾਵਣ ਜੋ ਉਹ ਸਿਖੀ ਧਰਮ ਤੇ ਪੰਜਾਬੀ ਜ਼ਬਾਨ ਦੇ ਖੈਰ-ਖਵਾਹ ਹਨ।

(8)   ਕਿਸੀ ਦੂਸਰੇ ਮਤ ਦੇ ਵਿਰੁਧ ਕਹਿਣਾ ਸੁਣਨਾ ਅਥਵਾ ਲਿਖਣਾ ‘ਸ੍ਰੀ ਗੁਰੂ ਸਿੰਘ ਸਭਾ’ ਦਾ ਕੰਮ ਨਹੀਂ।

(9)   ਸ੍ਰੀ ਗੁਰੂ ਸਿੰਘ ਸਭਾ ਵਿਚ ਕੋਈ ਬਾਤ ਸਰਕਾਰ ਦੇ ਤਲਕ ਨਹੀਂ ਕੀਤੀ ਜਾਵੇਗੀ।

(10)     ਖੈਰ-ਖੁਆਹੀ ਕੌਮ, ਫਰਮਾਬਰਦਾਰੀ ਸਰਕਾਰੀ, ਸਿੱਖੀ ਧਰਮ ਨਾਲ ਪਿਆਰ ਅਤੇ ਉਨਤੀ ਕਰਨਾ ਵਿਦਿਆ ਦਾ ਪੰਜਾਬੀ ਜ਼ਬਾਨ ਦਵਾਰਾ ਅਤੇ ਮਸਲੇਹਤ ਉਸ ਦੀ ਹਰ ਬਾਤ ਵਿਚ ਲਿਹਾਜ ਕਰਨਾ।

            ਇਸ ਸਭਾ ਦੀਆਂ ਹਫ਼ਤਾਵਰ ਬੈਠਕਾਂ ਆਮ ਕਰਕੇ ਮੰਜੀ ਸਾਹਿਬ ਵਿਖੇ ਹੋਇਆ ਕਰਦੀਆਂ ਸਨ। ਇਨ੍ਹਾਂ ਵਿਚ ਭਾਗ ਲੈਣ ਵਾਲੇ ਮੈਂਬਰ ਆਪਣੇ ਪੱਖ ਨੂੰ ਬੜੇ ਸਤਿਕਾਰ ਨਾਲ ਪੇਸ਼ ਕਰਿਆ ਕਰਦੇ ਸਨ ਅਤੇ ਬੜੇ ਅਦਬ ਆਦਾਬ ਨਾਲ ਵਿਚਾਰ-ਵਟਾਂਦਰਾ ਹੁੰਦਾ ਸੀ। ਇਸ ਪ੍ਰਕਾਰ ਦੀਆਂ ਬਹਿਸਾਂ ਦੀ ਲੜੀ ਕਤਕ ਸੁਦੀ 4 ਸੰਮਤ ਨਾਨਕਸ਼ਾਹੀ 404 (ਸੰਨ 1873 ਈ.) ਤੋਂ ਆਰੰਭ ਹੋਈ। ਪਹਿਲਾ ਪ੍ਰਸ਼ਨ ਗੁਰੂ ਨਾਨਕ ਦੇਵ ਜੀ ਦੇ ਜਨਮ ਸੰਬੰਧੀ ਗਿਆਨੀ ਸਰਦੂਲ ਸਿੰਘ ਨੇ ਉਠਾਇਆ। ਇਸ ਉਪਰ ਤਿੰਨ ਸਾਲ ਬਹਿਸ ਹੁੰਦੀ ਰਹੀ। ਅਗੋਂ ਲਈ ਅਜਿਹੀਆਂ ਗੱਲਾਂ ਉਪਰ ਖੋਜ ਕਰਨ ਦਾ ਕੰਮ ‘ਗੁਰਮਤ ਗ੍ਰੰਥ ਪ੍ਰਚਾਰਕ ਸਭਾ ’, ਅੰਮ੍ਰਿਤਸਰ ਦੇ ਹਵਾਲੇ ਕਰ ਦਿੱਤਾ ਗਿਆ।

            ਸਿੱਖ ਧਰਮ ਦੇ ਪ੍ਰਚਾਰ ਲਈ ਇਸ ਸਭਾ ਨੇ ਟ੍ਰੈਕਟ ਪ੍ਰਕਾਸ਼ਿਤ ਕੀਤੇ। ਇਨ੍ਹਾਂ ਟ੍ਰੈਕਟਾਂ ਤੋਂ ਛੁਟ ਗਿਆਨੀ ਗਿਆਨ ਸਿੰਘ ਨੇ ‘ਤਵਾਰੀਖ ਗੁਰੂ ਖ਼ਾਲਸਾ ’, ‘ਪੰਥ ਪ੍ਰਕਾਸ਼ ’ ਆਦਿ, ਪ੍ਰੋ. ਤਾਰਾ ਸਿੰਘ ਨਰੋਤਮ ਨੇ ‘ਗੁਰੂ ਗ੍ਰੰਥ ਕੋਸ਼ ’ ਅਤੇ ‘ਗੁਰ ਤੀਰਥ ਸੰਗ੍ਰਹਿ’ ਨਾਂ ਦੇ ਗ੍ਰੰਥ ਪ੍ਰਕਾਸ਼ਿਤ ਕਰਵਾਏ।

            ਸਿੰਘ ਸਭਾ ਅੰਮ੍ਰਿਤਸਰ ਦੇ ਕਾਰਕੁਨ ਅਕਸਰ ਰਈਸ ਪਰਿਵਾਰਾਂ ਨਾਲ ਸੰਬੰਧ ਰਖਦੇ ਸਨ ਜਿਵੇਂ ਬਾਬਾ ਖੇਮ ਸਿੰਘ ਬੇਦੀ , ਰਾਜਾ ਬਿਕ੍ਰਮ ਸਿੰਘ ਫ਼ਰੀਦਕੋਟ , ਕੰਵਰ ਬਿਕ੍ਰਮਾ ਸਿੰਘ ਕਪੂਰਥਲਾ , ਸ. ਠਾਕੁਰ ਸਿੰਘ ਸੰਧਾਵਾਲੀਆ, ਸ. ਮਿਹਰ ਸਿੰਘ ਚਾਵਲਾ, ਡਾ. ਜੈ ਸਿੰਘ, ਭਾਈ ਮਈਆ ਸਿੰਘ ਆਦਿ। ਇਸ ਸਭਾ ਦਾ ਪਹਿਲਾ ਪ੍ਰਧਾਨ ਸ. ਠਾਕੁਰ ਸਿੰਘ ਸੰਧਾਵਾਲੀਆ ਅਤੇ ਪਹਿਲਾ ਸਕੱਤਰ ਗਿਆਨੀ ਗਿਆਨ ਸਿੰਘ ਸੀ।

            ਕੁਝ ਸਮੇਂ ਬਾਦ ਪਰਸਪਰ ਸਿੱਧਾਂਤਿਕ ਵਿਰੋਧਾਂ ਕਰਕੇ ਪ੍ਰੋ. ਗੁਰਮੁਖ ਸਿੰਘ ਓਰੀਐਂਟਲ ਕਾਲਜ, ਲਾਹੌਰ ਨੇ ਅੰਮ੍ਰਿਤਸਰ ਦੀ ਸਿੰਘ ਸਭਾ ਤੋਂ ਵਖ ਹੋ ਕੇ 2 ਨਵੰਬਰ, 1879 ਈ. ਨੂੰ ਸਿੰਘ ਸਭਾ ਲਾਹੌਰ ਦੀ ਸਥਾਪਨਾ ਕੀਤੀ। ਲਾਹੌਰ ਸਿੰਘ ਸਭਾ ਵਿਚ ਮੱਧ ਸ਼੍ਰੇਣੀ ਅਤੇ ਨੀਵੀਆਂ ਸ਼੍ਰੇਣੀਆਂ ਦੀ ਪ੍ਰਤਿਨਿਧਤਾ ਸੀ ਅਤੇ ਇਸ ਦੇ ਮੈਂਬਰ ਬੜੇ ਪ੍ਰਬੁੱਧ ਅਤੇ ਪਰੰਪਰਾਈ ਸਥਾਪਨਾਵਾਂ ਤੋਂ ਸੁਤੰਤਰ ਸਨ। ਇਸ ਸਭਾ ਦਾ ਪਹਿਲਾ ਪ੍ਰਧਾਨ ਦੀਵਾਨ ਬੂਟਾ ਸਿੰਘ ਅਤੇ ਪਹਿਲਾ ਸਕੱਤਰ ਪ੍ਰੋ. ਗੁਰਮੁਖ ਸਿੰਘ ਸੀ। ਇਸ ਸਭਾ ਦੇ ਹੋਰ ਮੁੱਖ ਕਾਰਕੁਨ ਭਾਈ ਹਰਸਾ ਸਿੰਘ ਗ੍ਰੰਥੀ ਦਰਬਾਰ ਸਾਹਿਬ ਤਰਨਤਾਰਨ , ਭਾਈ ਜਵਾਹਿਰ ਸਿੰਘ, ਦਿੱਤ ਸਿੰਘ ਗਿਆਨੀ, ਲੱਛਮਣ ਸਿੰਘ ਭਗਤ ਆਦਿ ਸਨ। ਇਨ੍ਹਾਂ ਮੈਂਬਰਾਂ ਨੇ ਇਸ ਸਭਾ ਦੀ ਕਾਮਯਾਬੀ ਲਈ ਸਿਰਤੋੜ ਯਤਨ ਕੀਤੇ। ਇਸ ਸਭਾ ਦੇ ਮੁੱਖ ਮੰਤਵਾਂ ਵਿਚ ਸਿੱਖ ਮਤ ਦਾ ਪ੍ਰਚਾਰ, ਧਾਰਮਿਕ ਗ੍ਰੰਥਾਂ ਦਾ ਪ੍ਰਕਾਸ਼ਨ, ਪੰਜਾਬੀ ਭਾਸ਼ਾ ਦੀ ਤਰੱਕੀ ਤੋਂ ਇਲਾਵਾ ਖ਼ੈਰ- ਖੁਵਾਹੀ ਕੌਮ, ਫਰਮਾ-ਬਰਦਾਰੀ ਸਰਕਾਰ ਨੂੰ ਵੀ ਮੁੱਖ ਰਖਿਆ ਜਾਂਦਾ ਸੀ। ਇਸ ਸਭਾ ਦੇ ਉਦਮ ਨਾਲ ਪ੍ਰਚਾਰ ਦੀ ਗਤਿ ਨੂੰ ਤਿੱਖਾ ਕਰਨ ਲਈ 10 ਨਵੰਬਰ 1880 ਨੂੰ ‘ਗੁਰਮੁਖੀ ਅਖ਼ਬਾਰ’ ਸ਼ੁਰੂ ਕੀਤਾ ਗਿਆ।

            ਕੁਝ ਸਮੇਂ ਤਕ ਅੰਮ੍ਰਿਤਸਰ ਅਤੇ ਲਾਹੌਰ ਦੀਆਂ ਦੋਵੇਂ ਸਭਾਵਾਂ ਇਕ ਦੂਜੇ ਦੇ ਸਮਾਨਾਂਤਰ ਚਲਦੀਆਂ ਰਹੀਆਂ। ਪਰ ਕੁਝ ਸੁਲ੍ਹਾਕੁਨ ਲੋਕਾਂ ਨੇ ਇਸ ਵਿਰੋਧ ਨੂੰ ਗੰਭੀਰਤਾ ਨਾਲ ਲਿਆ ਅਤੇ ਦੋਹਾਂ ਸਿੰਘ ਸਭਾਵਾਂ ਨੂੰ ਮਿਲਾ ਕੇ ‘ਸ੍ਰੀ ਗੁਰੂ ਸਿੰਘ ਸਭਾ ਜਨਰਲ’ ਕਾਇਮ ਕੀਤੀ। ਪਰ ਸਿੱਧਾਂਤਿਕ ਵਿਰੋਧਾਂ ਕਾਰਣ ‘ਸ੍ਰੀ ਗੁਰੂ ਸਿੰਘ ਸਭਾ ਜਨਰਲ’ ਬਹੁਤੀ ਦੇਰ ਕੰਮ ਨ ਕਰ ਸਕੀ, ਜਿਸ ਕਰਕੇ ਖ਼ਾਲਸਾ ਦੀਵਾਨ ਅੰਮ੍ਰਿਤਸਰ (ਵੇਖੋ) ਹੋਂਦ ਵਿਚ ਆਇਆ ਪਰ ਵਿਤਕਰੇ ਫਿਰ ਵੀ ਨ ਮਿਟ ਸਕੇ। ਸੰਨ 1886 ਈ. ਨੂੰ ਲਾਹੌਰ ਸਿੰਘ ਸਭਾ ਵਾਲਿਆਂ ਨੇ ‘ਖ਼ਾਲਸਾ ਦੀਵਾਨ , ਲਾਹੌਰ’ (ਵੇਖੋ) ਦੀ ਸਥਾਪਨਾ ਕੀਤੀ। ਇਸ ਦਾ ਪ੍ਰਧਾਨ ਸ. ਅਤਰ ਸਿੰਘ ਅਤੇ ਮੁੱਖ ਸਕੱਤਰ ਪ੍ਰੋ. ਗੁਰਮੁਖ ਸਿੰਘ ਬਣਿਆ। ਇਸ ਦੀਵਾਨ ਦੇ ਮੁੱਖ ਕਾਰਕੁਨਾਂ ਵਿਚ ਧਰਮ ਸਿੰਘ ਘਰਜਾਖੀਆ, ਭਾਈ ਜਵਾਹਿਰ ਸਿੰਘ, ਗਿਆਨੀ ਦਿੱਤ ਸਿੰਘ, ਆਦਿ ਸਨ। ਦੋਹਾਂ ਦੀਵਾਨਾਂ ਵਿਚ ਝਗੜਾ ਇਸ ਹਦ ਤਕ ਪਹੁੰਚ ਗਿਆ ਕਿ ਅੰਮ੍ਰਿਤਸਰ ਖ਼ਾਲਸਾ ਦੀਵਾਨ ਵਾਲਿਆਂ ਦੀ ਸ਼ਿਕਾਹਿਤ ਉਤੇ ਵਖ ਵਖ ਤਖ਼ਤਾਂ ਦੇ ਗ੍ਰੰਥੀ ਸਾਹਿਬਾਂ ਨੇ ਪ੍ਰੋ. ਗੁਰਮੁਖ ਸਿੰਘ ਨੂੰ ਤਨਖਾਹੀਆ ਠਹਿਰਾਇਆ।

            ਖ਼ਾਲਸਾ ਦੀਵਾਨ, ਲਾਹੌਰ ਦੇ ਸਰਗਰਮ ਕਾਰਕੁਨਾਂ, ਜਿਵੇਂ ਸ. ਅਤਰ ਸਿੰਘ, ਪ੍ਰੋ. ਗੁਰਮੁਖ ਸਿੰਘ ਅਤੇ ਗਿਆਨੀ ਦਿੱਤ ਸਿੰਘ ਦਾ ਸੰਨ 1901 ਈ. ਤਕ ਦੇਹਾਂਤ ਹੋ ਜਾਣ ਕਾਰਣ ਇਸ ਦੀਵਾਨ ਦੀ ਸ਼ਕਤੀ ਛੀਣ ਹੋ ਗਈ। ਮੌਕੇ ਦੀ ਨਜਾਕਤ ਨੂੰ ਸੰਭਾਲਦੇ ਹੋਇਆਂ 11 ਨਵੰਬਰ 1901 ਈ. ਨੂੰ ਸ. ਸੁੰਦਰ ਸਿੰਘ ਮਜੀਠੀਆ ਨੇ ਦੋਹਾਂ ਦੀਵਾਨਾਂ ਦੀ ਸਾਂਝੀ ਇਕਤ੍ਰਤਾ ਕੀਤੀ ਅਤੇ 30 ਅਕਤੂਬਰ 1902 ਈ. ਨੂੰ ਚੀਫ਼ ਖ਼ਾਲਸਾ ਦੀਵਾਨਾ (ਵੇਖੋ) ਦੀ ਸਥਾਪਨਾ ਕੀਤੀ, ਜੋ ਪ੍ਰਕਾਰਾਂਤਰ ਨਾਲ ਸਿੰਘ ਸਭਾ ਅੰਮ੍ਰਿਤਸਰ ਦਾ ਹੀ ਯੁਗ ਅਨੁਕੂਲ ਪਰਿਵਰਤਿਤ ਰੂਪ ਸੀ।

            ਸਿੱਖਾਂ ਵਿਚ ਆਈ ਧਾਰਮਿਕ ਅਤੇ ਸਮਾਜਿਕ ਗਿਰਾਵਟ ਦੇ ਫਲਸਰੂਪ ਸੰਨ 1881 ਈ. ਦੀ ਮਰਦਮ- ਸ਼ੁਮਾਰੀ ਵੇਲੇ ਜਨ-ਸੰਖਿਆ ਘਟ ਕੇ 17 ਲੱਖ ਦੇ ਨੇੜੇ ਪਹੁੰਚ ਗਈ। ਪਰ ਸਿੰਘ ਸਭਾਵਾਂ ਅਤੇ ਦੀਵਾਨਾਂ ਵਲੋਂ ਕੀਤੇ ਉਦਮਾਂ ਦੇ ਸਿੱਟੇ ਵਜੋਂ ਪੰਜਾਹ ਸਾਲ ਬਾਦ ਸੰਨ 1931 ਈ. ਵਿਚ ਇਹ ਗਿਣਤੀ 43 ਲੱਖ ਤੋਂ ਵੀ ਵਧ ਗਈ।

            ਸਿੰਘ ਸਭਾ ਲਹਿਰ ਦੇ ਵਿਸ਼ੇਸ਼ ਯਤਨ ਵਿਦਿਅਕ ਖੇਤਰ ਵਿਚ ਰਹੇ ਹਨ। ਜਿਵੇਂ ਕਿ ਸੰਨ 1877 ਈ. ਵਿਚ ਪ੍ਰੋ. ਗੁਰਮੁਖ ਸਿੰਘ ਨੇ ਓਰੀਐਂਟਲ ਕਾਲਜ ਲਾਹੌਰ ਵਿਖੇ ਗੁਰਮੁਖੀ ਦੀ ਪੜ੍ਹਾਈ ਆਰੰਭ ਕਰਵਾਈ, ਸੰਨ 1886 ਈ. ਵਿਚ ਡੀ.ਏ.ਵੀ. ਕਾਲਜ ਲਾਹੌਰ ਤੋਂ ਪ੍ਰੇਰਿਤ ਹੋ ਕੇ ਖ਼ਾਲਸਾ ਕਾਲਜ, ਅੰਮ੍ਰਿਤਸਰ ਦੀ ਸਥਾਪਨਾ ਕੀਤੀ ਗਈ। ਸੰਨ 1908 ਈ. ਨੂੰ ਐਜੂਕੇਸ਼ਨਲ ਕਮੇਟੀ ਦੀ ਸਥਾਪਨਾ ਕੀਤੀ ਗਈ। ਇਨ੍ਹਾਂ ਯਤਨਾਂ ਦੇ ਫਲਸਰੂਪ ਸੰਨ 1947 ਈ. ਵਿਚ ਸਿੱਖਾਂ ਵਿਚ ਪੜ੍ਹਿਆਂ-ਲਿਖਿਆਂ ਦੀ ਗਿਣਤੀ 17.03 ਫੀ ਸਦੀ ਤਕ ਪਹੁੰਚ ਗਈ ਜਦ ਕਿ ਪੰਜਾਬ ਦੇ ਹਿੰਦੂਆਂ ਵਿਚ ਇਹ ਗਿਣਤੀ 16.35, ਮੁਸਲਮਾਨਾਂ ਵਿਚ 6.97 ਅਤੇ ਈਸਾਈਆਂ ਵਿਚ 7.76, ਫੀ ਸਦੀ ਤਕ ਹੀ ਸੀ।

            ਸਿੰਘ ਸਭਾ ਲਹਿਰ ਦੇ ਚਲਣ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਪ੍ਰਤਿ ਉਪੇਖਿਆ ਦੀ ਭਾਵਨਾ ਪਸਰ ਚੁਕੀ ਸੀ ਅਤੇ ਸਿੱਖ ਧਰਮ ਉਤੇ ਬ੍ਰਾਹਮਣਤਵ ਦਾ ਗ਼ਲਬਾ ਵਧ ਗਿਆ ਸੀ। ਨਾਲੇ ਪੰਜਾਬੀ ਨੂੰ ਪੇਂਡੂ ਲੋਕਾਂ ਦੀ ਭਾਸ਼ਾ ਸਮਝਿਆ ਜਾਂਦਾ ਸੀ ਅਤੇ ਇਸ ਵਿਚ ਕਿਸੇ ਸਾਹਿਤਿਕ ਸੋਹਜ ਨੂੰ ਪੇਸ਼ ਕਰਨ ਦੀ ਸਮਰਥਤਾ ਨਹੀਂ ਸਮਝੀ ਜਾਂਦੀ ਸੀ। ਪਰ ਸਿੰਘ ਸਭਾ ਦੇ ਪ੍ਰਚਾਰ-ਅੰਦੋਲਨ ਨਾਲ ਗੁਰਬਾਣੀ ਅਤੇ ਪੰਜਾਬੀ ਦਾ ਮਹੱਤਵ ਸਵੀਕਾਰ ਕੀਤਾ ਜਾਣ ਲਗਿਆ। ਪੰਜਾਬੀ ਭਾਸ਼ਾ ਨੂੰ ਹੋਰਨਾਂ ਆਧੁਨਿਕ ਭਾਸ਼ਾਵਾਂ ਨਾਲ ਕਦਮ ਮਿਲਾ ਕੇ ਚਲਣ ਲਈ ਤਿਆਰ ਕੀਤਾ ਗਿਆ। ਇਸ ਲਹਿਰ ਤੋਂ ਪ੍ਰੇਰਿਤ ਅਤੇ ਪ੍ਰਭਾਵਿਤ ਹੋ ਕੇ ਜੋ ਸਾਹਿਤ-ਰਚਨਾ ਹੋਈ, ਉਸ ਵਿਚ ਪ੍ਰਚਾਰ ਦਾ ਸਵਰ ਅਧਿਕ ਸੀ। ਧਰਮ-ਪ੍ਰਚਾਰ ਲਈ ਕਈ ਟ੍ਰੈਕਟ ਸੋਸਾਇਟੀਆਂ ਸਥਾਪਿਤ ਹੋਈਆਂ। ਗੁਰਬਾਣੀ ਦੀ ਟਕਸਾਲੀ ਢੰਗ ਨਾਲ ਵਿਆਖਿਆ ਸ਼ੁਰੂ ਹੋਈ। ਗਿਆਨੀ ਹਜ਼ਾਰਾ ਸਿੰਘ, ਡਾ. ਚਰਨ ਸਿੰਘ ਅਤੇ ਭਾਈ ਵੀਰ ਸਿੰਘ ਨੇ ਇਸ ਪਰਥਾਇ ਵਿਸ਼ੇਸ਼ ਉਦਮ ਕੀਤਾ। ‘ਸੰਥੑਯਾ ਸ੍ਰੀ ਗੁਰੂ ਗ੍ਰੰਥ ਸਾਹਿਬ ’ (ਵੇਖੋ) ਇਸੇ ਉਦੇਸ਼ ਅਧੀਨ ਤਿਆਰ ਕੀਤੀ ਗਈ ਰਚਨਾ ਹੈ। ਪੰਜਾਬੀ ਵਿਚ ਲਿਖਣ ਅਤੇ ਪੜ੍ਹਨ ਦੀ ਰੁਚੀ ਪੈਦਾ ਹੋਈ। ਵਾਰਤਕ ਰਾਹੀਂ ਵਿਚਾਰ ਪ੍ਰਗਟਾਉਣ ਦੀ ਪਿਰਤ ਪਈ ਅਤੇ ਪੰਜਾਬੀ ਪੱਤਰਕਾਰੀ ਦਾ ਵਿਕਾਸ ਹੋਣ ਲਗਾ। ਇਸ ਤਰ੍ਹਾਂ ਵੀਹਵੀਂ ਸਦੀ ਵਿਚ ਹੋਏ ਗੁਰਮਤਿ ਦੇ ਪ੍ਰਚਾਰ ਅਤੇ ਪੰਜਾਬੀ ਦੇ ਵਿਕਾਸ ਦੀ ਆਧਾਰ-ਭੂਮੀ ਤਿਆਰ ਹੋ ਗਈ।

            ਭਾਈ ਵੀਰ ਸਿੰਘ ਦੁਆਰਾ ਰਚਿਤ ਸੁੰਦਰੀ , ਬਿਜੈ ਸਿੰਘ, ਸਤਵੰਤ ਕੌਰ , ਬਾਬਾ ਨੌਧ ਸਿੰਘ ਆਦਿ ਅਤੇ ਕਈ ਹੋਰ ਰਚਨਾਵਾਂ ਪਿਛੇ ਸਿੰਘ ਸਭਾ ਦਾ ਪ੍ਰਭਾਵ ਹੀ ਕੰਮ ਕਰ ਰਿਹਾ ਹੈ।

            ਸਿੰਘ ਸਭਾ ਲਹਿਰ ਦਾ ਇਕ ਹੋਰ ਮਨੋਰਥ ਸਿੱਖ ਇਤਿਹਾਸ ਦੀ ਖੋਜ ਵੀ ਸੀ। ਭਾਈ ਵੀਰ ਸਿੰਘ ਨੇ ਸਿੱਖ ਗੁਰੂਆਂ ਦੇ ਜੀਵਨ ‘ਗੁਰੂ ਨਾਨਕ ਚਮਤਕਾਰ’, ‘ਗੁਰੂ ਕਲਗੀਧਰ ਚਮਤਕਾਰ’ ਅਤੇ ‘ਅਸ਼ਟ ਗੁਰੂ ਚਮਤਕਾਰ’ ਦੇ ਰੂਪ ਵਿਚ ਪੰਥ ਦੇ ਭੇਟ ਕੀਤੇ। ਭਾਈ ਸੰਤੋਖ ਸਿੰਘ ਰਚਿਤ ‘ਨਾਨਕ ਪ੍ਰਕਾਸ਼’ ਅਤੇ ‘ਗੁਰ ਪ੍ਰਤਾਪ ਸੂਰਜ ’ ਅਤੇ ਹੋਰ ਪੁਰਾਣੇ ਨੁਸਖਿਆਂ ਜਿਵੇਂ ‘ਪੁਰਾਤਨ ਜਨਮਸਾਖੀ ’, ‘ਸਿੱਖਾਂ ਦੀ ਭਗਤਮਾਲਾ ’, ‘ਪ੍ਰਾਚੀਨ ਪੰਥ ਪ੍ਰਕਾਸ਼ ’ ਆਦਿ ਨੂੰ ਸੰਪਾਦਿਤ ਕਰਨਾ ਭਾਈ ਸਾਹਿਬ ਦੀ ਖੋਜੀ ਲਗਨ ਦਾ ਸਾਕਾਰ ਰੂਪ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18089, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਸਿੰਘ ਸਭਾ ਲਹਿਰ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਿੰਘ ਸਭਾ ਲਹਿਰ : ਸਿੱਖਾਂ ਦੀ ਇਕ ਸਮਾਜ ਸੁਧਾਰਕ ਧਾਰਮਿਕ ਲਹਿਰ ਸੀ ਜਿਹੜੀ ਉਨ੍ਹੀਵੀਂ ਸਦੀ ਦੇ ਸੱਤਰਵਿਆਂ ਵਿਚ ਇਕ ਵਿਸ਼ੇਸ਼ ਗੰਭੀਰ ਰੂਪ ਅਖਤਿਆਰ ਕਰਦੀ ਹੋਈ ਉਸ ਸਮੇਂ ਪੁਨਰ-ਸੁਰਜੀਤੀ ਦੇ ਰੂਪ ਵਿਚ ਸਾਮ੍ਹਣੇ ਆ ਗਈ ਜਦੋਂ ਸਿੱਖ ਧਰਮ ਆਪਣੀ ਵੱਖਰੀ ਪਛਾਣ ਬਹੁਤ ਤੇਜੀ ਨਾਲ ਗੁਆ ਰਿਹਾ ਸੀ। ਨਿਰੰਕਾਰੀ ਅਤੇ ਨਾਮਧਾਰੀ ਲਹਿਰਾਂ ਤੋਂ ਤੁਰੰਤ ਪਿੱਛੋਂ ਇਹ ਸਿੱਖ ਸੰਗਤ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਸੀ ਜੋ ਇਸ ਵਿਚ ਆਈਆਂ ਰਲਾਵਟਾਂ ਮਿਲਾਵਟਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੀਆਂ ਸਨ ਜਿਹੜੀਆਂ ਇਸ ਦੀ ਸ਼ਕਤੀ ਨੂੰ ਖੋਰਾ ਲਗਾ ਰਹੀਆਂ ਸਨ। ਇਸ ਲਹਿਰ ਦਾ ਮਨੋਰਥ ਸਿੱਖ ਧਰਮ ਦੇ ਮੌਲਿਕ ਪ੍ਰੇਰਨਾਂ ਸ੍ਰੋਤਾਂ ਨੂੰ ਲੱਭਣਾ ਸੀ। ਇਹ ਲਹਿਰ ਇਸ ਤੋਂ ਪੂਰਬਲੇ ਯਤਨਾਂ ਨਾਲੋਂ ਸ੍ਰੋਤਾਂ, ਤੱਤ ਅਤੇ ਨਤੀਜਿਆਂ ਪੱਖੋਂ ਬਿਲਕੁਲ ਭਿੰਨ ਸੀ। ਨਿਰੰਕਾਰੀ ਅਤੇ ਨਾਮਧਾਰੀ ਲਹਿਰਾਂ ਪਵਿੱਤਰ ਇਕੱਲੇ ਵਿਅਕਤੀਆਂ ਤੋਂ ਪ੍ਰੇਰਿਤ ਹੋਈਆਂ ਸਨ ਜੋ ਸਿੱਖ ਧਰਮ ਦੇ ਸਿਧਾਂਤਾਂ ਅਤੇ ਅਮਲ ਨੂੰ ਪੇਤਲਾ ਕੀਤੇ ਜਾਣ ਤੋਂ ਨਾਖੁਸ਼ ਸਨ। ਇਹ ਕੁਝ ਨਿਰੋਲ ਧਾਰਮਿਕ ਕਿਸਮ ਦੀਆਂ ਉਲੰਘਣਾਵਾਂ ਨੂੰ ਠੀਕ ਰਾਹ ਤੇ ਲਿਆਉਣਾ ਚਾਹੁੰਦੇ ਸਨ ਪਰੰਤੂ ਅੰਤ ਵਿਚ ਇਹ ਇਕ ਵੱਖਰੇ ਸੰਪਰਦਾ ਦੇ ਬਾਨੀ ਮੰਨੇ ਜਾਣ ਲੱਗ ਪਏ। ਦੂਸਰੇ ਪਾਸੇ ਸਿੰਘ ਸਭਾ ਸਿੱਖਾਂ ਦੀ ਇਕ ਵੱਖਰੀ ਧਾਰਮਿਕ ਹੋਂਦ ਲਈ ਪੈਦਾ ਹੋਏ ਖ਼ਤਰਿਆਂ ਤੋਂ ਇਸ ਨੂੰ ਬਚਾਉਣ ਲਈ ਹੋਂਦ ਵਿਚ ਆਈ ਸੀ। ਇਸ ਨੂੰ ਚਲਾਉਣ ਵਾਲੇ ਵਿਅਕਤੀ ਬਹੁਤ ਧਾਰਮਿਕ ਰੁਚੀਆਂ ਵਾਲੇ ਸਨ ਜਿਨ੍ਹਾਂ ਨੇ ਕਦੇ ਇਹ ਦਾਹਵਾ ਨਹੀਂ ਕੀਤਾ ਕਿ ਇਹ ਦਿੱਬ ਗਿਆਨ ਦੇ ਮਾਲਕ ਹਨ ਅਤੇ ਨਾ ਹੀ ਇਹਨਾਂ ਦੀ ਵਿਸ਼ੇਸ਼ ਪੁਜਾਰੀ ਵਜੋਂ ਜਾਣੇ ਜਾਣ ਦੀ ਅਕਾਂਖਿਆ ਸੀ। ਸਗੋਂ ਪਹਿਲਿਆਂ ਸੰਪਰਦਾਇਕ ਸੰਗਠਨਾਂ ਤੋਂ ਪੂਰੀ ਤਰ੍ਹਾਂ ਵੱਖਰੀ ਸਿੰਘ ਸਭਾ ਨੂੰ ਆਮ ਲੋਕਾਂ ਦਾ ਸਮਰਥਨ ਅਤੇ ਆਧਾਰ ਪ੍ਰਾਪਤ ਸੀ। ਇਸ ਨੇ ਸਮੁੱਚੀ ਕੌਮ ਨੂੰ ਪ੍ਰਭਾਵਿਤ ਕੀਤਾ ਅਤੇ ਇਸ ਨੇ ਕੌਮ ਦੀ ਦ੍ਰਿਸ਼ਟੀ ਅਤੇ ਭਾਵਨਾ ਨੂੰ ਮੁੜ ਇਕ ਸੇਧ ਦਿੱਤੀ। ਇਕ ਸੌ ਸਾਲ ਤੋਂ ਵੱਧ ਸਮੇਂ ਤੋਂ ਲੈ ਕੇ ਅੱਜ ਤਕ ਇਸ ਨੇ ਸਿੱਖਾਂ ਦੇ ਰਵਈਏ ਅਤੇ ਅਕਾਂਖਿਆਵਾਂ ਨੂੰ ਇਕ ਸੁਘੜ ਸਰੂਪ ਦੇਣ ਵਿਚ ਮਦਦ ਕੀਤੀ।

    ਉਨ੍ਹੀਵੀਂ ਸਦੀ ਦੀਆਂ ਬਾਕੀ ਭਾਰਤੀ ਸੁਧਾਰਿਕ ਲਹਿਰਾਂ ਵਾਂਗ ਸਿੰਘ ਸਭਾ ਸਿੱਖ ਬੁੱਧੀਜੀਵੀ ਵਰਗ ਦਾ ਪੱਛਮੀ ਵਿੱਦਿਆ-ਪ੍ਰਣਾਲੀ ਅਤੇ ਸੰਸਥਾਵਾਂ ਦੇ ਨਾਲ ਸੰਪਰਕ ਹੋਣ ਵਜੋਂ ਵਜੂਦ ਵਿਚ ਆਈ ਸੀ। 1849 ਵਿਚ ਅੰਗਰੇਜ਼ਾਂ ਕੋਲ ਰਾਜਨੀਤਿਕ ਸ਼ਕਤੀਆਂ ਆ ਜਾਣ ਨਾਲ ਸਿੱਖਾਂ ਅਤੇ ਪੰਜਾਬੀਆਂ ਦੀ ਦੁਨੀਆਂ ਵਿਚ ਬਦਲਾਉ ਆ ਗਿਆ। ਅੰਗਰੇਜ਼ ਪਹਿਲਾਂ ਦੇ ਸ਼ਾਸਕਾਂ ਨਾਲੋਂ ਵੱਖ ਕਿਸਮ ਦੇ ਸਨ ਇਸ ਲਈ ਇਹਨਾਂ ਦੇ ਪੰਜਾਬ ਵਿਚ ਆਉਣ ਨਾਲ ਪੰਜਾਬ ਦੇ ਸਮਾਜ ਅਤੇ ਸਭਿਆਚਾਰ ਵਿਚ ਪ੍ਰਮੁਖ ਤਬਦੀਲੀਆਂ ਆ ਗਈਆਂ। ਜ਼ਿਆਦਾਤਰ ਇਹ ਤਬਦੀਲੀਆਂ ਮੂਲ ਰੂਪ ਵਿਚ ਪ੍ਰਬੰਧਕੀ ਢਾਂਚੇ ਦੀ ਅੰਦਰੂਨੀ ਰਾਜਨੀਤਿਕ ਵਿਉਂਤਬੰਦੀ ਸੀ। ਦੋ ਦਹਾਕਿਆਂ ਵਿਚ ਹੀ ਬਸਤੀਵਾਦੀ ਸ਼ਕਤੀ ਨੇ ਪੱਛਮੀ ਤਰਜ ਤੇ ਬਿਲਕੁਲ ਪੂਰੀ ਤਰ੍ਹਾਂ ਇਕ ਨਵੀਂ ਨੌਕਰਸ਼ਾਹੀ ਪ੍ਰਣਾਲੀ ਲਾਗੂ ਕਰ ਦਿੱਤੀ ਜਿਸ ਵਿਚ ਅਜਿਹੀ ਕਾਰਜਕਾਰਨੀ ਅਤੇ ਨਿਆਂ ਪ੍ਰਣਾਲੀ ਉਭਾਰੀ ਗਈ ਜਿਸ ਵਿਚ ਪੱਛਮੀ ਵਿੱਦਿਆ ਅਤੇ ਨਵੇਂ ਕਿੱਤੇ ਜਿਵੇਂ ਕਾਨੂੰਨ , ਪ੍ਰਬੰਧ ਅਤੇ ਵਿੱਦਿਆ ਵਿਚ ਪ੍ਰਬੀਨਤਾ ਉੱਤੇ ਜ਼ੋਰ ਦਿੱਤਾ ਗਿਆ। ਸਿੱਖਾਂ ਨੂੰ ਇਸ ਬਸਤੀਵਾਦੀ ਰਣਨੀਤੀ ਵਿਚ ਮਹੱਤਵਪੂਰਨ ਸਮਝਦੇ ਹੋਏ ਅਤੇ ਸਿੱਖ ਸਮਾਜ ਵਿਚ ਧਰਮ ਨੂੰ ਕੇਂਦਰ ਬਿੰਦੂ ਮੰਨਦੇ ਹੋਏ ਅੰਗਰੇਜ਼ ਸ਼ਾਸਕਾਂ ਨੇ ਵਿਸ਼ੇਸ ਤੌਰ ਤੇ ਅੰਮ੍ਰਿਤਸਰ ਅਤੇ ਤਰਨ ਤਾਰਨ ਵਿਖੇ ਕੇਂਦਰੀ ਸਿੱਖ ਸੰਸਥਾਵਾਂ ਨੂੰ ਕੰਟਰੋਲ ਕਰਨ ਵੱਲ ਖਾਸ ਧਿਆਨ ਦਿੱਤਾ। ਬ੍ਰਿਟਿਸ਼ ਅਫ਼ਸਰ ਪ੍ਰਬੰਧਕੀ ਕਮੇਟੀਆਂ ਦੇ ਮੁਖੀ ਬਣੇ, ਮੁੱਖ ਅਫ਼ਸਰਾਂ ਦੀ ਨਿਯੁਕਤੀ ਕੀਤੀ ਗਈ ਅਤੇ ਸਿੱਖਾਂ ਦੀ ਅੰਗਰੇਜ਼ੀ ਰਾਜ ਪ੍ਰਤੀ ਹਮਦਰਦੀ ਜਿੱਤਣ ਲਈ ਗਰਾਂਟਾਂ ਅਤੇ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਅਤੇ ਨਾਲ ਹੀ ਨਾਲ ਸਰਕਾਰ ਨੇ ਈਸਾਈ ਮਿਸ਼ਨਰੀ ਸਰਗਰਮੀਆਂ ਦੀ ਵੀ ਸਰਪ੍ਰਸਤੀ ਅਤੇ ਮਦਦ ਕੀਤੀ ਤਾਂ ਜੋ ਇਹਨਾਂ ਮਿਸ਼ਨਰੀ ਸਰਗਰਮੀਆਂ ਦਾ ਤੇਜੀ ਨਾਲ ਪਸਾਰ ਹੋ ਸਕੇ। ਇਸ ਤਰ੍ਹਾਂ ਪੰਜਾਬ ਦੇ ਧਾਰਮਿਕ ਢਾਂਚੇ ਵਿਚ ਇਕ ਹੋਰ ਤੱਤ ਦਾ ਵਾਧਾ ਕਰ ਦਿੱਤਾ ਗਿਆ। ਪੱਛਮੀ ਸਾਇੰਸ, ਈਸਾਈ ਨੈਤਿਕ ਸ਼ਾਸਤਰ ਅਤੇ ਮਾਨਵਤਾਵਾਦੀ ਸਿਧਾਂਤਾਂ ਦੀ ਚੁਣੌਤੀ ਨੇ ਸਵੈ ਪੜਚੋਲ ਧਾਰਮਿਕ ਵਿਸ਼ਵਾਸ ਅਤੇ ਰੀਤੀ ਰਿਵਾਜਾਂ ਦੀ ਪੁਨਰ ਵਿਆਖਿਆ ਦਾ ਮੌਕਾ ਪੈਦਾ ਕੀਤਾ। ਇਸ ਦੇ ਫਲਸਰੂਪ ਕਈ ਸੁਧਾਰ ਲਹਿਰਾਂ ਹੋਂਦ ਵਿਚ ਆਈਆਂ ਜਿਹੜੀਆਂ ਨਿਰਸੰਦੇਹ ਪਹੁੰਚ ਪੱਖੋਂ ਅਜ਼ਾਦੀ ਅਤੇ ਵਿਸ਼ਵ ਮਾਨਵਵਾਦੀ ਸਨ। ਫਿਰ ਵੀ ਇਹ ਆਪਣੇ-ਆਪਣੇ ਧਰਮ ਵਿਚ ਧਰਮ ਬਦਲੀ ਲਈ ਤਾਣ ਲਾਉਂਦੀਆਂ ਰਹੀਆਂ। ਪੰਜਾਬ ਵਿਚ ਹਿੰਦੂ ਬ੍ਰਹਮੋ ਸਮਾਜ, ਦੇਵ ਸਮਾਜ ਅਤੇ ਆਰੀਆ ਸਮਾਜ ਅਤੇ ਸਈਅਦ ਅਹਮਦ ਦੀ ਮੁਸਲਿਮ ਅਲੀਗੜ੍ਹ ਲਹਿਰ ਅਤੇ ਕਾਦੀਆਂ ਦੀ ਅਹਮਦੀਆ ਲਹਿਰ ਕਾਫ਼ੀ ਸਰਗਰਮ ਸਨ। ਸਿੱਖ ਆਪਣੀ ਰਾਜਨੀਤਿਕ ਤਾਕਤ ਖੁੱਸ ਜਾਣ ਕਰਕੇ ਸੁਸਤ ਸਨ ਅਤੇ ਇਸ ਤੋਂ ਇਲਾਵਾ ਇਹਨਾਂ ਦੀ ਘਟ ਗਿਣਤੀ ਦਾ ਅਹਿਸਾਸ, ਧਾਰਮਿਕ ਕਿਰਿਆ ਕਰਮ ਵਿਚ ਆਮ ਢਿੱਲ-ਮੱਠ ਅਤੇ ਇਹਨਾਂ ਤੋਂ ਬਿਨਾਂ ਦੋ ਹੋਰ ਤੱਤ ਇਸ ਲਈ ਜ਼ਿੰਮੇਵਾਰ ਸਨ; ਇਕ ਤਾਂ ਗੁਆਂਢੀ ਧਾਰਮਿਕ ਪਰੰਪਰਾਵਾਂ ਵਿਚ ਕੀ ਹੋ ਰਿਹਾ ਹੈ, ਬਾਰੇ ਪ੍ਰਤੀਕਰਮ ਅਤੇ ਈਸਾਈ ਧਰਮ ਬਦਲੀ ਕਾਰਨ ਆਪਣੇ ਬਚਾਅ ਲਈ ਕੀ ਯਤਨ ਕਰਨੇ ਹਨ ਅਤੇ ਦੂਜਾ ਹਿੰਦੂ ਅਲੋਚਕਾਂ ਖਾਸ ਕਰਕੇ ਆਰੀਆ ਸਮਾਜੀਆਂ ਵੱਲੋਂ ਧਰਮ ਸ਼ਾਸਤਰੀ ਦਵੈਖ ਭਾਵਨਾ।

    ਬ੍ਰਿਟਿਸ਼ ਰਾਜ ਦੇ ਅਰੰਭ ਹੋਣ ਨਾਲ ਪੰਜਾਬ ਵਿਚ ਈਸਾਈ ਮਿਸ਼ਨਰੀਆਂ ਦੀਆਂ ਸਰਗਰਮੀਆਂ ਸ਼ੁਰੂ ਹੋ ਗਈਆਂ ਸਨ। ਇਥੋਂ ਤਕ ਕਿ ਜਦੋਂ ਰਣਜੀਤ ਸਿੰਘ ਲਾਹੌਰ ਵਿਚ ਰਾਜ ਕਰਦਾ ਸੀ ਤਾਂ ਉਸ ਸਮੇਂ ਸਿੱਖ ਸਰਹੱਦ ਦੇ ਨੇੜੇ ਲੁਧਿਆਣੇ ਵਿਖੇ ਇਕ ਅਮਰੀਕਨ ਪ੍ਰੈਸਬੀਟੇਰੀਅਨ ਮਿਸ਼ਨ ਸਥਾਪਿਤ ਕੀਤਾ ਗਿਆ ਸੀ। 1849 ਵਿਚ ਸਿੱਖ ਰਾਜ ਦੇ ਖ਼ਤਮ ਹੋ ਜਾਣ ਨਾਲ ਲੁਧਿਆਣਾ ਮਿਸ਼ਨ ਨੇ ਅਪਣਾ ਕੰਮ ਲਾਹੌਰ ਤਕ ਵਧਾ ਲਿਆ। ਅੰਮ੍ਰਿਤਸਰ ਜੋ ਸਿੱਖ ਧਰਮ ਦਾ ਹੈਡਕੁਆਰਟਰ ਸੀ ਚਰਚ ਸਰਗਰਮੀਆਂ ਦਾ ਮੁੱਖ ਕੇਂਦਰ ਬਣ ਗਿਆ, ਜਿਸ ਦੀਆਂ ਸ਼ਾਖ਼ਾਵਾਂ ਤਰਨ-ਤਾਰਨ, ਅਜਨਾਲਾ ਅਤੇ ਜੰਡਿਆਲਾ ਵਿਖੇ ਫ਼ੈਲੀਆਂ ਹੋਈਆਂ ਸਨ। ਯੂਨਾਈਟਿਡ ਪ੍ਰੈਸਬੀਟੇਰੀਅਨ ਮਿਸ਼ਨ ਸਿਆਲਕੋਟ ਵਿਖੇ ਸਰਗਰਮ ਸੀ। ਇਸੇ ਤਰ੍ਹਾਂ ਕੁਝ ਹੋਰ ਸੰਗਠਨ ਵਿਸ਼ੇਸ ਤੌਰ ਤੇ ਜਿਵੇਂ ਕਿ ਕੈਂਬਰਿਜ ਮਿਸ਼ਨ, ਬੈਪਟਿਸਟ ਮਿਸ਼ਨ ਅਤੇ ਚਰਚ ਆਫ਼ ਸਕੌਟਲੈਂਡ, ਇਹਨਾਂ ਇਲਾਕਿਆਂ ਵਿਚ ਦਾਖਲ ਹੋ ਗਏ ਅਤੇ ਇਹਨਾਂ ਨੇ ਬਹੁਤ ਲੋਕਾਂ ਦੀ ਅਤੇ ਖਾਸ ਕਰਕੇ ਸਮਾਜ ਦੇ ਹੇਠਲੀ ਪੱਧਰ ਦੇ ਲੋਕਾਂ ਦੀ ਧਰਮ ਬਦਲੀ ਕੀਤੀ। ਧਰਮ ਬਦਲੀ ਦੀ ਰਫ਼ਤਾਰ ਚਿੰਤਾਜਨਕ ਰੂਪ ਵਿਚ ਭਾਵੇਂ ਬਹੁਤ ਜ਼ਿਆਦਾ ਨਹੀਂ ਸੀ ਫਿਰ ਵੀ ਕਈ ਉਦਾਹਰਨਾਂ ਸਾਮ੍ਹਣੇ ਸਨ ਜਿਸ ਨਾਲ ਪੰਥ ਚਿੰਤਿਤ ਸੀ। 1853 ਵਿਚ, ਆਖਰੀ ਸਿੱਖ ਰਾਜਾ ਮਹਾਰਾਜਾ ਦਲੀਪ ਸਿੰਘ ਜੋ 8 ਸਾਲ ਦੀ ਛੋਟੀ ਉਮਰ ਵਿਚ ਹੀ ਬ੍ਰਿਟਿਸ਼ ਸਰਪ੍ਰਸਤੀ ਵਿਚ ਪਲਿਆ ਸੀ, ਨੇ ਈਸਾਈ ਧਰਮ ਅਪਣਾ ਲਿਆ ਸੀ। ਇਸ ਧਰਮ ਬਦਲੀ ਨੂੰ ਇਸ ਤਰ੍ਹਾਂ ਲਿਆ ਗਿਆ; “ਚਰਚ ਦੇ ਸੰਗਠਨ ਵਿਚ ਪਹਿਲਾ ਭਾਰਤੀ ਸ਼ਹਿਜ਼ਾਦਾ ਸ਼ਾਮਲ ਹੋਇਆ ਹੈ”। ਕਪੂਰਥਲਾ ਦੇ ਸਿੱਖ ਸ਼ਾਸਕ ਨੇ ਲੁਧਿਆਣਾ ਮਿਸ਼ਨ ਨੂੰ ਰਾਜਧਾਨੀ ਵਿਚ ਆਪਣਾ ਅੱਡਾ ਕਾਇਮ ਕਰਨ ਲਈ ਸੱਦਾ ਦਿੱਤਾ ਅਤੇ ਇਸਦੀ ਸਾਂਭ-ਸੰਭਾਲ ਲਈ ਧਨ ਵੀ ਦਿੱਤਾ। ਕੁਝ ਸਾਲਾਂ ਪਿੱਛੋਂ ਕਪੂਰਥਲਾ ਦੇ ਰਾਜੇ ਦਾ ਭਤੀਜਾ ਕੰਵਰ ਹਰਨਾਮ ਸਿੰਘ ਈਸਾਈ ਬਣ ਗਿਆ। ਲੁਧਿਆਣਾ ਮਿਸ਼ਨ ਨੇ ਆਪਣੀ 1862 ਦੀ ਰਿਪੋਟ ਵਿਚ ਇਹ ਦਰਜ ਕੀਤਾ ਕਿ ‘ਜਦੋਂ ਤਕ ਕਪੂਰਥਲੇ ਦੇ ਰਾਜੇ ਨੇ ਮਿਸ਼ਨਰੀਆਂ ਨੂੰ ਆਪਣੀ ਰਾਜਧਾਨੀ ਵਿਚ ਮਿਸ਼ਨ ਸਥਾਪਿਤ ਕਰਨ ਲਈ ਨਹੀਂ ਬੁਲਾਇਆ ਸੀ ਤਾਂ ਭਾਰਤ ਵਿਚ ਕੋਈ ਉਦਾਹਰਨ ਨਹੀਂ ਮਿਲਦੀ ਜਿਸ ਵਿਚ ਕਿਸੇ ਰਾਜੇ ਨੇ ‘ਗੋਸਪਲ` ਦੇ ਪ੍ਰਚਾਰਨ ਵਿਚ ਯੋਗਦਾਨ ਪਾਇਆ ਹੋਵੇ।

    ਈਸਾਈ ਧਰਮ ਵਿਚ ਧਰਮ ਤਬਦੀਲੀ ਤੋਂ ਇਲਾਵਾ ਸਿੱਖ ਧਰਮ ਤੋਂ ਸਨਾਤਨ ਹਿੰਦੂ ਧਰਮ ਵਿਚ ਲੋਕ ਪਰਤ ਰਹੇ ਸਨ ਅਤੇ ਇਹ ਇਤਨੀ ਵੱਡੀ ਗਿਣਤੀ ਵਿਚ ਸਨ ਕਿ ਸਰਕਾਰ ਦੀ 1851-52 ਦੀ ਸਾਲਾਨਾ ਰੀਪੋਟ ਵਿਚ ਇਸ ਤੱਥ ਦਾ ਜ਼ਿਕਰ ਹੈ:

    ਸਿੱਖ ਧਰਮ ਅਤੇ ਧਾਰਮਿਕ ਪ੍ਰਬੰਧ ਬੜੀ ਤੇਜ਼ੀ ਨਾਲ ਖ਼ਤਮ ਹੋ ਰਿਹਾ ਹੈ ਜਦੋਂ ਕਿ ਸਿੱਖ ਰਾਜਨੀਤਿਕ ਸ਼ਕਤੀ ਪਹਿਲਾਂ ਹੀ ਖ਼ਤਮ ਹੋ ਚੁਕੀ ਹੈ। ਪੁਰਾਤਨ ਖ਼ਾਲਸਾ ਦੇ ਦੋ ਪ੍ਰਮੁਖ ਤੱਤਾਂ ਵਿਚੋਂ, ਜਿਵੇਂ ਕਿ ਪਹਿਲੇ ਗੁਰੂ , ਗੁਰੂ ਨਾਨਕ ਦੇਵ ਦੇ ਸਿੱਖ ਅਤੇ ਦੂਸਰੇ ਮਹਾਨ ਧਾਰਮਿਕ ਆਗੂ ਗੁਰੂ ਗੋਬਿੰਦ ਸਿੰਘ ਦੇ ਸਿੱਖਾਂ ਵਿਚੋਂ ਗੁਰੂ ਨਾਨਕ ਦੇਵ ਦੇ ਸਿੱਖ ਕਾਇਮ ਰਹਿਣਗੇ ਅਤੇ ਗੁਰੂ ਗੋਬਿੰਦ ਸਿੰਘ ਦੇ ਅਸਥਿਰ ਹੋ ਜਾਣਗੇ। ਨਾਨਕ ਦੇ ਸਿੱਖ ਜਿਹੜੇ ਮੁਕਾਬਲਤਨ ਘੱਟ ਗਿਣਤੀ ਵਿਚ ਹਨ, ਸ਼ਾਂਤ ਸੁਭਾਅ ਦੇ ਪੁਰਾਣੇ ਪਰਵਾਰ ਵਾਲੇ ਹਨ ਸ਼ਾਇਦ ਆਪਣੇ ਪੁਰਖਿਆਂ ਦੇ ਧਰਮ ਵਿਚ ਮਿਲ ਜਾਣਗੇ ਪਰੰਤੂ ਗੋਵਿੰਦ (ਗੁਰੂ ਗੋਬਿੰਦ ਸਿੰਘ) ਦੇ ਸਿੱਖ ਜਿਨ੍ਹਾਂ ਦਾ ਜਨਮ ਅਜੇ ਹੁਣੇ ਹੀ ਹੋਇਆ ਹੈ ਜਿਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਸਿੰਘ ਜਾਂ ਸ਼ੇਰ ਕਿਹਾ ਗਿਆ ਹੈ ਅਤੇ ਜਿਨ੍ਹਾਂ ਨੇ ਯੁੱਧ ਅਤੇ ਜਿੱਤ ਨੂੰ ਧਰਮ ਵਜੋਂ ਅਪਣਾਇਆ ਸੀ, ਹੁਣ ਖ਼ਾਲਸੇ ਦਾ ਸਤਿਕਾਰ ਨਹੀਂ ਕਰਦੇ ਕਿਉਂਕਿ ਖ਼ਾਲਸਾ ਦੀ ਸ਼ਾਨ ਹੁਣ ਅਲੋਪ ਹੋ ਚੁਕੀ ਹੈ। ਇਹਨਾਂ ਲੋਕਾਂ ਨੇ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਧਰਮ ਅਪਣਾਇਆ ਅਤੇ ਹੁਣ ਇਸੇ ਗਿਣਤੀ ਵਿਚ ਇਹ ਛੱਡ ਰਹੇ ਹਨ। ਇਹ ਹੁਣ ਸਾਰੇ ਹਿੰਦੂ ਧਰਮ ਵਿਚ ਸ਼ਾਮਲ ਹੋ ਰਹੇ ਹਨ ਜਿਸ ਵਿਚੋਂ ਇਹ ਪੈਦਾ ਹੋਏ ਸਨ ਅਤੇ ਹੁਣ ਇਹ ਆਪਣੇ ਬੱਚਿਆਂ ਨੂੰ ਹਿੰਦੂ ਬੱਚਿਆਂ ਦੇ ਤੌਰ ਤੇ ਪਾਲ ਰਹੇ ਹਨ। ਅੰਮ੍ਰਿਤਸਰ ਦੇ ਪਵਿੱਤਰ ਸਰੋਵਰ ਵੱਲ ਜਾਣ ਵਾਲਿਆਂ ਦੀ ਗਿਣਤੀ ਪਹਿਲਾਂ ਨਾਲੋਂ ਹੁਣ ਘੱਟ ਹੈ ਅਤੇ ਹਰ ਸਾਲ ਸਾਲਾਨਾ ਤਿਉਹਾਰਾਂ ਵਿਚ ਸਿੱਖਾਂ ਦੀ ਹਾਜ਼ਰੀ ਦਿਨ ਬਦਿਨ ਘੱਟ ਰਹੀ ਹੈ। ਹੁਣ ਵੱਡੀ ਉਮਰ ਦੇ ਲੋਕਾਂ ਨੂੰ ਅੰਮ੍ਰਿਤ ਕਦੇ ਕਦਾਈ ਹੀ ਛਕਾਇਆ ਜਾਂਦਾ ਹੈ”। 1855-56 ਦੀ ਰਿਪੋਰਟ ਵਿਚ ਵੀ ਸਪਸ਼ਟ ਤੌਰ ਤੇ ਅੰਕਿਤ ਹੈ: ਇਹ ਹਾਲਤ ਇਸ ਵਿਸ਼ਵਾਸ ਦੀ ਪੁਸ਼ਟੀ ਕਰਦੀ ਹੈ ਕਿ ਸਿੱਖ ਕਬੀਲੇ ਦੀ ਗਿਣਤੀ ਬਹੁਤ ਤੇਜ਼ੀ ਨਾਲ ਘੱਟਦੀ ਜਾ ਰਹੀ ਹੈ। ਅਜੋਕਾ ਸਿੱਖ ਧਰਮ ਰਾਜਨੀਤਿਕ ਸੰਗਠਨ ਤੋਂ ਥੋੜਾ ਜਿਹਾ ਹੀ ਅੱਗੇ ਹੈ ਜਿਹੜਾ ਹਿੰਦੂਆਂ ਵਿਚੋਂ ਇਸ ਗੱਲ ਨੂੰ ਧਿਆਨ ਵਿਚ ਰੱਖਕੇ ਹੀ ਬਣਿਆ ਸੀ ਕਿ ਸਮੇਂ ਦੇ ਹਾਲਾਤਾਂ ਅਨੁਸਾਰ ਕਦੇ ਲੋਕ ਇਸ ਵਿਚ ਸ਼ਾਮਲ ਹੋ ਜਾਂਦੇ ਹਨ ਅਤੇ ਕਦੇ ਇਸ ਨੂੰ ਛੱਡ ਜਾਂਦੇ ਹਨ। ਮਨੁੱਖ ਜਨਮ ਤੋਂ ਸਿੱਖ ਨਹੀਂ ਹੈ ਜਿਵੇਂ ਕਿ ਉਹ ਜਨਮ ਤੋਂ ਮੁਸਲਮਾਨ ਜਾਂ ਹਿੰਦੂ ਹੋ ਸਕਦਾ ਹੈ; ਪਰ ਉਸ ਨੂੰ ਸਿੱਖ ਬਣਾਉਣਾ ਹੈ ਤਾਂ ਉਸ ਨੂੰ ਸਿੱਖ ਧਰਮ ਵਿਚ ਪ੍ਰਵੇਸ਼ ਕਰਨ ਲਈ ਅੰਮ੍ਰਿਤ ਛਕਣਾ ਹੋਵੇਗਾ। ਹੁਣ ਕਿਉਂਕਿ ਸਿੱਖ ਭਾਈਚਾਰਿਕ ਸੰਗਠਨ ਟੁੱਟ ਚੁੱਕਿਆ ਹੈ, ਲੋਕਾਂ ਨੇ ਸਿੱਖ ਧਰਮ ਵਿਚ ਆਉਣਾ ਬੰਦ ਕਰ ਦਿੱਤਾ ਹੈ ਅਤੇ ਵਾਪਸ ਹਿੰਦੂ ਧਰਮ ਵਿਚ ਜਾ ਰਹੇ ਹਨ। ਅੰਕੜਿਆਂ ਦੇ ਰੂਪ ਵਿਚ ਜੋ ਤੱਥ ਸਾਮ੍ਹਣੇ ਹਨ ਨਿਰਸੰਦੇਹ ਇਹਨਾਂ ਦਾ ਅਰਥ ਉਪਰੋਕਤ ਹੀ ਬਣਦਾ ਹੈ ਭਾਵੇਂ ਕਿ ਇਸ ਉਪਰ ਵਿਸ਼ਵਾਸ ਕਰਨਾ ਕਠਿਨ ਜਾਪਦਾ ਹੈ।

    ਨਤੀਜੇ ਦੇ ਤੌਰ ਤੇ 1860 ਤੋਂ ਪਿੱਛੋਂ ਸਭਿਆਚਾਰਿਕ ਉਥਲ ਪੁਥਲ ਨੇ ਸਿੱਖਾਂ ਨੂੰ ਪ੍ਰਭਾਵਿਤ ਕੀਤਾ ਹੈ। ਗੁਰਦੁਆਰਿਆਂ ਜਾਂ ਗਿਆਨੀਆਂ ਜਾਂ ਸਥਾਨਿਕ ਅਧਿਆਪਕਾਂ ਤੋਂ ਸਿੱਖਿਆ ਪ੍ਰਾਪਤ ਕਰਨ ਦੇ ਬਾਵਜੂਦ ਇਸ ਸਥਿਤੀ ਵਿਚੋਂ ਉਭਰ ਰਹੇ ਸਿੱਖ ਬੁਧੀਜੀਵੀ ਵਰਗ ਨੇ ਪੱਛਮੀ ਵਿਸ਼ਿਆਂ ਦੀ ਪੜ੍ਹਾਈ ਅਰੰਭ ਕਰ ਦਿੱਤੀ ਅਤੇ ਉਹਨਾਂ ਸੰਗਠਨਾਂ ਵਿਚ ਸ਼ਾਮਲ ਹੋ ਗਏ ਜਿਥੇ ਧਾਰਮਿਕ ਅਤੇ ਸਮਾਜਿਕ ਮਸਲੇ ਵਿਚਾਰੇ ਜਾਂਦੇ ਸਨ। ਉਦਾਹਰਨ ਦੇ ਤੌਰ ਤੇ ਲਾਹੌਰ ਵਿਚ ਬਹੁਤੀ ਗਿਣਤੀ ਵਿਚ ਸਿੱਖ ਡਾ. ਜੀ.ਡਬਲਯੂ. ਲਾਇਟਨਰ ਦੀ 1865 ਵਿਚ ਸਥਾਪਿਤ ਕੀਤੀ ਓਰੀਐਂਟਲਿਸਟ ਅੰਜੁਮਨ-ਇ-ਪੰਜਾਬ ਦੇ ਮੈਂਬਰ ਬਣ ਗਏ ਜਿਥੇ ਉਹ ਸਾਹਿਤਕ ਅਲੋਚਨਾ, ਇਤਿਹਾਸਿਕ ਮੁੱਦਿਆਂ ਅਤੇ ਵਿਚਾਰ ਵਟਾਂਦਰੇ ਵਿਚ ਨਿਪੁੰਨ ਹੋ ਗਏ। ਕੁੱਝ ਮੁੱਦਿਆਂ ਉੱਤੇ ਵਿਚਾਰ ਵਟਾਂਦਰਾ ਕੀਤਾ ਜਾਂਦਾ ਸੀ ਜਿਵੇਂ ਕਿ ਕ੍ਹੀ ਫ਼ਾਰਸੀ ਦੀ ਜਗ੍ਹਾ ਉਰਦੂ ਅਤੇ ਹਿੰਦੀ ਸਰਕਾਰੀ ਭਾਸ਼ਾ ਦੇ ਤੌਰ ਤੇ ਜ਼ਿਆਦਾ ਠੀਕ ਰਹੇਗੀ। ਗੁਰਮੁਖੀ ਲਿਪੀ ਵਿਚ ਪੰਜਾਬੀ ਨੂੰ ਤਾਂ ਪੰਜਾਬ ਸਿੱਖਿਆ ਵਿਭਾਗ ਵਲੋਂ ਵੀ ਕੇਵਲ ਇਕ ਬੋਲੀ ਮੰਨਕੇ ਜਿਸ ਵਿਚ ਲਿਖਤੀ ਸਾਹਿਤ ਦੀ ਅਣਹੋਂਦ ਹੈ ਨਜ਼ਰ ਅੰਦਾਜ਼ ਕੀਤਾ ਜਾਂਦਾ ਸੀ। ਪੂਰਬੀ ਖਿੱਤੇ ਦੇ ਅਧਿਐਨ ਨੂੰ ਉਤਸ਼ਾਹਿਤ ਕਰਨ ਲਈ ਲਾਹੌਰ ਵਿਚ 1864 ਵਿਚ ਓਰੀਐਂਟਲ ਕਾਲਜ ਖੋਲ੍ਹਿਆ ਗਿਆ ਜਿਸ ਵਿਚ ਸੰਸਕ੍ਰਿਤ , ਉਰਦੂ ਅਤੇ ਫ਼ਾਰਸੀ ਤਾਂ ਪੜ੍ਹਾਈ ਜਾਂਦੀ ਸੀ ਪਰੰਤੂ ਪੰਜਾਬੀ ਨਹੀਂ ਪੜ੍ਹਾਈ ਜਾਂਦੀ ਸੀ। ਅੰਜੁਮਨ-ਇ-ਪੰਜਾਬ ਦੇ ਕੁਝ ਸਿੱਖ ਮੈਂਬਰਾਂ ਨੇ ਜਿਵੇਂ ਰਾਜਾ ਹਰਬੰਸ ਸਿੰਘ ਅਤੇ ਰਾਇ ਮੂਲ ਸਿੰਘ ਨੇ ਪੰਜਾਬੀ ਦੇ ਹੱਕ ਵਿਚ ਗੱਲ ਕੀਤੀ ਪਰੰਤੂ ਉਦੋਂ ਤਕ ਕੋਈ ਸਫ਼ਲਤਾ ਨਾ ਮਿਲੀ ਜਦੋਂ ਤਕ ਸਰਦਾਰ ਅਤਰ ਸਿੰਘ ਭਸੌੜ ਨੇ ਵੱਖ-ਵੱਖ ਵਿਸ਼ਿਆਂ ਤੇ ਗੁਰਮੁਖੀ ਲਿਪੀ ਵਿਚ ਛਪੀਆਂ 389 ਕਿਤਾਬਾਂ ਦੀ ਲਿਸਟ ਪੇਸ਼ ਨਾ ਕਰ ਦਿੱਤੀ ਅਤੇ ਉਹ ਉਸਨੇ ਆਪਣੀ ਨਿੱਜੀ ਲਾਇਬ੍ਰੇਰੀ ਵਿਚ ਇਕੱਠੀਆਂ ਕਰ ਲਈਆਂ। ਡਾ. ਲਾਇਟਨਰ ਦੀ ਤਸੱਲੀ ਹੋ ਗਈ ਅਤੇ ਉਸਨੇ ਪੰਜਾਬੀ ਨੂੰ ਓਰੀਐਂਟਲ ਕਾਲਜ ਵਿਚ ਸ਼ੁਰੂ ਹੀ ਨਹੀਂ ਕਰ ਦਿੱਤਾ ਸਗੋਂ ਇਸ ਨੂੰ ਪੰਜਾਬ ਯੂਨੀਵਰਸਿਟੀ ਵਿਚ ਵੀ ਸ਼ੁਰੂ ਕਰਵਾ ਦਿੱਤਾ ਜਿਸਦਾ ਉਹ ਪਹਿਲਾ ਰਜਿਸਟਰਾਰ ਸੀ; ਪਰੰਤੂ ਇਹ ਲਾਗੂ 1877 ਤੋਂ ਪਿੱਛੋਂ ਹੋਈ ਸੀ।

    ਜਿਸ ਗੱਲ ਨੇ ਸਿੱਖਾਂ ਨੂੰ ਨੀਂਦ ਤੋਂ ਜਗਾਇਆ ਉਹ ਦੋ ਘਟਨਾਵਾਂ ਸਨ, ਜੋ 1873 ਵਿਚ, ਲਗਾਤਾਰ ਵਾਪਰੀਆਂ ਸਨ। ਫਰਵਰੀ 1873 ਵਿਚ ਅੰਮ੍ਰਿਤਸਰ ਦੇ ਮਿਸ਼ਨ ਸਕੂਲ ਦੇ ਚਾਰ ਸਿੱਖ ਵਿਦਿਆਰਥੀ ਆਯਾ ਸਿੰਘ, ਅਤਰ ਸਿੰਘ, ਸਾਧੂ ਸਿੰਘ ਅਤੇ ਸੰਤੋਖ ਸਿੰਘ ਨੇ ਸਿੱਖ ਧਰਮ ਛੱਡਣ ਅਤੇ ਈਸਾਈ ਬਣਨ ਦਾ ਐਲਾਨ ਕਰ ਦਿੱਤਾ। ਇਸ ਨਾਲ ਸਿੱਖ ਭਾਵਨਾਵਾਂ ਨੂੰ ਬਹੁਤ ਧੱਕਾ ਲੱਗਾ। ਇਹਨਾਂ ਲੜਕਿਆਂ ਨੂੰ ਇਹਨਾਂ ਦੇ ਮਾਤਾ-ਪਿਤਾ ਅਤੇ ਹੋਰ ਸਿਆਣੇ ਆਦਮੀਆਂ ਨੇ ਅਜਿਹਾ ਨਾ ਕਰਨ ਲਈ ਮਸਾਂ ਰਾਜੀ ਕੀਤਾ ਸੀ ਕਿ ਇਕ ਹੋਰ ਅਜਿਹੀ ਘਟਨਾ ਵਾਪਰ ਗਈ। ਫਿਲੌਰ ਦਾ ਇਕ ਪੰਡਤ ਸ਼ਰਧਾ ਰਾਮ ਜਿਸਨੂੰ ਅੰਗਰੇਜ਼ਾਂ ਨੇ ਸਿੱਖਾਂ ਦਾ ਇਤਿਹਾਸ ਲਿਖਣ ਲਈ ਲਗਾਇਆ ਸੀ, ਅੰਮ੍ਰਿਤਸਰ ਆਇਆ ਅਤੇ ਇਸਨੇ ਦਰਬਾਰ ਸਾਹਿਬ ਅਹਾਤੇ ਵਿਚ ਗੁਰੂ ਕਾ ਬਾਗ ਵਿਖੇ ਧਾਰਮਿਕ ਵਿਖਿਆਨਾਂ ਦੀ ਲੜੀ ਅਰੰਭ ਕਰ ਦਿੱਤੀ। ਗੁਰੂ ਨਾਨਕ ਦੇਵ ਦੇ ਜੀਵਨ ਸੰਬੰਧੀ ਆਪਣੇ ਵਿਖਿਆਨਾਂ ਵਿਚ ਉਸ ਨੇ ਕੁਝ ਤੱਤਾਂ ਨੂੰ ਵਿਗਾੜ ਕੇ ਪੇਸ਼ ਕੀਤਾ ਅਤੇ ਸਿੱਖ ਗੁਰੂਆਂ ਅਤੇ ਉਹਨਾਂ ਦੀਆਂ ਸਿੱਖਿਆਵਾਂ ਬਾਰੇ ਅਨਾਦਰ ਦੇ ਸ਼ਬਦ ਕਹੇ। ਕੁਝ ਸਿੱਖ ਨੌਜਵਾਨਾਂ ਨੇ ਇਸਤੇ ਇਤਰਾਜ਼ ਕੀਤਾ ਅਤੇ ਬੁਲਾਰੇ ਨੂੰ ਬਹਿਸ ਕਰਨ ਲਈ ਸੱਦਾ ਦਿੱਤਾ। ਪੰਡਤ ਚੁੱਪ ਕਰਕੇ ਅੰਮ੍ਰਿਤਸਰ ਤੋਂ ਖਿਸਕ ਗਿਆ ਪਰੰਤੂ ਇਸ ਨਾਲ ਉਹ ਕੁਝ ਪ੍ਰਮੁਖ ਸਿੱਖਾਂ ਨੂੰ ਸੋਚਣ ਤੇ ਮਜਬੂਰ ਕਰ ਗਿਆ। ਸਰਦਾਰ ਠਾਕੁਰ ਸਿੰਘ ਸੰਧਾਵਾਲੀਆ (1837-87), ਬਾਬਾ ਖੇਮ ਸਿੰਘ ਬੇਦੀ (1832-1905) ਕਪੂਰਥਲੇ ਦੇ ਕੰਵਰ ਬਿਕਰਮਾ ਸਿੰਘ (1835-87) ਅਤੇ ਅੰਮ੍ਰਿਤਸਰ ਦੇ ਗਿਆਨੀ ਗਿਆਨ ਸਿੰਘ (1824-84) ਨੇ 30 ਜੁਲਾਈ 1873 ਨੂੰ ਅੰਮ੍ਰਿਤਸਰ ਵਿਖੇ ਗੁਰੂ ਬਾਗ ਵਿਚ ਇਕ ਮੀਟਿੰਗ ਬੁਲਾਈ। ਇਸ ਮੀਟਿੰਗ ਵਿਚ ਈਸਾਈ ਮਿਸ਼ਨਰੀਆਂ ਦੇ ਪ੍ਰਚਾਰ ਅਤੇ ਹੋਰ ਦੂਸਰੇ ਜੋ ਇਸ ਤਰ੍ਹਾਂ ਦੇ ਪ੍ਰਚਾਰ ਵਿਚ ਸ਼ਾਮਲ ਸਨ ਵਿਰੁੱਧ ਇਹਨਾਂ ਦਾ ਉੱਤਰ ਦੇਣ ਲਈ ਇਕ ਸੰਗਠਨ ਬਣਾਉਣ ਦਾ ਫ਼ੈਸਲਾ ਕੀਤਾ ਗਿਆ। ਇਸ ਸੰਸਥਾ ਦਾ ਨਾਂ ਸ੍ਰੀ ਗੁਰੂ ਸਿੰਘ ਸਭਾ ਰੱਖਿਆ ਗਿਆ। ਇਸ ਦੀ ਪਹਿਲੀ ਮੀਟਿੰਗ 1 ਅਕਤੂਬਰ 1873 ਨੂੰ ਅਕਾਲ ਤਖ਼ਤ ਸਾਮ੍ਹਣੇ ਰੱਖੀ ਗਈ। ਇਸ ਵਿਚ ਵੱਖ-ਵੱਖ ਗੁਰਦੁਆਰਿਆਂ ਦੇ ਗ੍ਰੰਥੀ , ਗਿਆਨੀ, ਉਦਾਸੀ ਅਤੇ ਨਿਰਮਲਾ ਸੰਪਰਦਾਵਾਂ ਦੇ ਨੁਮਾਇੰਦੇ ਅਤੇ ਸਿੱਖ ਸਮਾਜ ਦੇ ਹੋਰ ਮੈਂਬਰ ਸ਼ਾਮਲ ਹੋਏ। ਸਰਦਾਰ ਠਾਕੁਰ ਸਿੰਘ ਸੰਧਾਵਾਲੀਆ ਨੂੰ ਇਸ ਦਾ ਚੇਅਰਮੈਨ, ਗਿਆਨੀ ਗਿਆਨ ਸਿੰਘ ਸਕੱਤਰ, ਸਰਦਾਰ ਅਮਰ ਸਿੰਘ ਸਹਾਇਕ ਸਕੱਤਰ ਅਤੇ ਬੁੰਗਾ ਮਜੀਠੀਆਂ ਦੇ ਭਾਈ ਧਰਮ ਸਿੰਘ ਨੂੰ ਖਜਾਨਚੀ ਨਿਯੁਕਤ ਕੀਤਾ ਗਿਆ। ਸਿੰਘ ਸਭਾ ਦੇ ਮੁੱਖ ਉਦੇਸ਼ ਨਿਮਨ ਲਿਖਤ ਸਨ:(1) ਅਸਲ ਸਿੱਖ ਧਰਮ ਦਾ ਪ੍ਰਚਾਰ ਕਰਨਾ ਅਤੇ ਸਿੱਖ ਧਰਮ ਦੀ ਆਪਣੀ ਪੁਰਾਤਨ ਸ਼ਾਨ ਨੂੰ ਬਹਾਲ ਕਰਨਾ(2) ਇਤਿਹਾਸਿਕ ਅਤੇ ਧਾਰਮਿਕ ਪੁਸਤਕਾਂ ਦਾ ਸੰਪਾਦਨ ਕਰਨਾ, ਛਾਪਣਾ ਅਤੇ ਵੰਡਣਾ ,(3) ਮੌਜੂਦਾ ਗਿਆਨ ਦਾ ਪੰਜਾਬੀ ਭਾਸ਼ਾ ਵਿਚ ਪ੍ਰਚਾਰ ਕਰਨਾ ਅਤੇ ਪੰਜਾਬੀ ਵਿਚ ਮੈਗਜ਼ੀਨ ਅਤੇ ਅਖ਼ਬਾਰ ਅਰੰਭ ਕਰਨੇ,(4)ਧਰਮ ਛੱਡਣ ਵਾਲਿਆਂ ਨੂੰ ਸੁਧਾਰਨਾ ਅਤੇ ਵਾਪਸ ਸਿੱਖ ਧਰਮ ਵਿਚ ਲਿਆਉਣਾ; ਅਤੇ(5) ਅੰਗਰੇਜ਼ਾਂ ਦੀ ਸਿੱਖ ਧਰਮ ਵਿਚ ਦਿਲਚਸਪੀ ਜਗਾਉਣੀ ਅਤੇ ਸਿੰਘ ਸਭਾ ਦੇ ਵਿਦਿਅਕ ਪ੍ਰੋਗਰਾਮਾਂ ਵਿਚ ਉਹਨਾਂ ਨੂੰ ਜੋੜਨਾ ਯਕੀਨੀ ਬਣਾਉਣਾ। ਸਿੰਘ ਸਭਾ ਦੀ ਇਕ ਨੀਤੀ ਇਹ ਸੀ ਕਿ ਦੂਸਰੇ ਧਰਮ ਦੀ ਨੁਕਤਾਚੀਨੀ ਨਹੀਂ ਕਰਨੀ ਅਤੇ ਨਾ ਹੀ ਰਾਜਨੀਤਿਕ ਮਾਮਲਿਆਂ ਬਾਰੇ ਕੁਝ ਕਹਿਣਾ ਸੁਣਨਾ ਹੈ।

        1877 ਵਿਚ, ਓਰੀਐਂਟਲ ਕਾਲਜ ਵਿਚ ਪੰਜਾਬੀ ਲਾਗੂ ਕਰ ਦਿੱਤੀ ਗਈ। ਤਰਨ ਤਾਰਨ ਦੇ ਦਰਬਾਰ ਸਾਹਿਬ ਦੇ ਗ੍ਰੰਥੀ ਭਾਈ ਹਰਸਾ ਸਿੰਘ ਪਹਿਲੇ ਅਧਿਆਪਕ ਸਨ ਅਤੇ ਭਾਈ ਗੁਰਮੁਖ ਸਿੰਘ ਜੋ ਪਿੱਛੋਂ ਸਿੰਘ ਸਭਾ ਲਹਿਰ ਦੇ ਕਰਤਿਆਂ ਧਰਤਿਆਂ ਵਿਚੋਂ ਸਨ ਪਹਿਲੇ ਗਰੁਪ ਦੇ ਵਿਦਿਆਰਥੀਆਂ ਵਿਚੋਂ ਇਕ ਸਨ। ਭਾਈ ਗੁਰਮੁਖ ਸਿੰਘ ਨੂੰ ਆਪਣਾ ਕੋਰਸ ਪੂਰਾ ਕਰ ਲੈਣ ਉਪਰੰਤ ਪੰਜਾਬ ਯੂਨੀਵਰਸਿਟੀ ਕਾਲਜ ਵਿਚ ਪੰਜਾਬੀ ਅਤੇ ਹਿਸਾਬ ਪੜ੍ਹਾਉਣ ਲਈ ਨਿਯੁਕਤ ਕੀਤਾ ਗਿਆ ਸੀ। ਇਸਨੇ ਲਾਹੌਰ ਦੇ ਪ੍ਰਮੁਖ ਸਿੱਖ ਸ਼ਹਿਰੀਆਂ ਜਿਵੇਂ ਦੀਵਾਨ ਬੂਟਾ ਸਿੰਘ ਅਤੇ ਸਰਦਾਰ ਮੇਹਰ ਸਿੰਘ ਚਾਵਲਾ ਨੂੰ ਸਿੰਘ ਸਭਾ ਦੇ ਕੰਮ ਵਿਚ ਦਿਲਚਸਪੀ ਲੈਣ ਲਗਾ ਦਿੱਤਾ। ਇਸਦੇ ਫਲਸਰੂਪ 2 ਨਵੰਬਰ 1879 ਨੂੰ ਲਾਹੌਰ ਵਿਖੇ ਸ੍ਰੀ ਗੁਰੂ ਸਿੰਘ ਸਭਾ ਸਥਾਪਿਤ ਕੀਤੀ ਗਈ। ਇਸਨੇ ਹਫ਼ਤਾਵਾਰੀ ਮੀਟਿੰਗਾਂ ਕਰਨੀਆਂ ਅਰੰਭ ਕਰ ਦਿੱਤੀਆਂ। ਇਸ ਦੀ ਕਾਰਜਕਰਨੀ ਵਿਚ ਪ੍ਰਧਾਨ ਦੀਵਾਨ ਬੂਟਾ ਸਿੰਘ, ਭਾਈ ਗੁਰਮੁਖ ਸਿੰਘ (ਜੋ ਪ੍ਰੋਫ਼ੈਸਰ ਕਰਕੇ ਵੀ ਜਾਣੇ ਜਾਂਦੇ ਸਨ) ਸਕੱਤਰ ਅਤੇ ਭਾਈ ਹਰਸਾ ਸਿੰਘ, ਰਾਮ ਸਿੰਘ ਅਤੇ ਕਰਮ ਸਿੰਘ ਮੈਂਬਰ ਵਜੋਂ ਸ਼ਾਮਲ ਸਨ। ਇਹ ਲਹਿਰ ਕਾਫੀ ਜ਼ੋਰ ਫੜ ਗਈ ਅਤੇ ਪੰਜਾਬ ਵਿਚ ਹੀ ਨਹੀਂ ਸਗੋਂ ਭਾਰਤ ਦੇ ਹੋਰ ਵੀ ਕਈ ਹਿੱਸਿਆਂ ਵਿਚ ਅਤੇ ਵਿਦੇਸ਼ਾਂ ਵਿਚ ਪੱਛਮ ਵਿਚ ਲੰਦਨ ਅਤੇ ਪੂਰਬ ਵਿਚ ਸ਼ੰਘਾਈ (ਚੀਨ) ਵਿਚ ਵੀ ਸਿੰਘ ਸਭਾਵਾਂ ਹੋਂਦ ਵਿਚ ਆ ਗਈਆਂ।

    ਸਿੰਘ ਸਭਾ ਜਨਰਲ (ਛੇਤੀ ਹੀ ਪਿੱਛੋਂ ਇਸਦਾ ਨਾਂ ਖ਼ਾਲਸਾ ਦੀਵਾਨ ਰੱਖਿਆ ਗਿਆ) 11 ਅਪ੍ਰੈਲ 1880 ਨੂੰ ਅੰਮ੍ਰਿਤਸਰ ਵਿਖੇ ਇਕ ਤਾਲਮੇਲ ਸੰਗਠਨ ਦੇ ਰੂਪ ਵਿਚ ਸਥਾਪਿਤ ਕੀਤੀ ਗਈ। ਫ਼ਰੀਦਕੋਟ ਦੇ ਰਾਜਾ ਬਿਕਰਮ ਸਿੰਘ ਅਤੇ ਪੰਜਾਬ ਦੇ ਲੈਫਟੀਨੈਂਟ ਗਵਰਨਰ ਇਸਦੇ ਸਰਪ੍ਰਸਤ ਮੈਂਬਰ ਸਨ, ਬਾਬਾ ਖੇਮ ਸਿੰਘ ਬੇਦੀ ਇਸਦੇ ਪ੍ਰਧਾਨ, ਦਰਬਾਰ ਸਾਹਿਬ ਦੇ ਸਰਬਰਾਹ ਸਰਦਾਰ ਮਾਨ ਸਿੰਘ, ਵਾਈਸ ਪ੍ਰੈਜ਼ੀਡੈਂਟ, ਲਾਹੌਰ ਦੇ ਭਾਈ ਗੁਰਮੁਖ ਸਿੰਘ ਮੁੱਖ ਸਕੱਤਰ ਅਤੇ ਭਾਈ ਗਨੇਸ਼ਾ ਸਿੰਘ ਸਕੱਤਰ ਸਨ। ਦੀਵਾਨ ਨੇ ਆਮ ਲੋਕਾਂ ਦੀ ਵਿੱਦਿਆ ਲਈ ਖ਼ਾਲਸਾ ਸਕੂਲ ਖੋਲ੍ਹੇ ਅਤੇ ਅਖ਼ਬਾਰ ਅਤੇ ਮੈਗਜ਼ੀਨ ਸਿੰਘ ਸਭਾ ਵਿਚਾਰਧਾਰਾ ਅਤੇ ਇਸ ਦੀਆਂ ਧਾਰਮਿਕ ਸਰਗਰਮੀਆਂ ਦੇ ਪ੍ਰਚਾਰ ਲਈ ਅਰੰਭ ਕੀਤੇ। ਪਰੰਤੂ ਛੇਤੀ ਹੀ ਪ੍ਰਧਾਨ ਅਤੇ ਸਕੱਤਰ ਵਿਚਕਾਰ ਸਿਧਾਂਤਿਕ ਮਤਭੇਦ ਉਤਪੰਨ ਹੋ ਗਏ। ਪ੍ਰਧਾਨ ਜਿਸਨੂੰ ਪੁਜਾਰੀ ਸ਼੍ਰ੍ਰੇਣੀ ਦੀ ਹਿਮਾਇਤ ਪ੍ਰਾਪਤ ਸੀ ਸਮਝਦਾ ਸੀ ਕਿ ਸਿੱਖ ਹਿੰਦੂ ਸਮਾਜ ਦਾ ਇਕ ਅੰਗ ਹਨ ਅਤੇ ਇਸ ਕਰਕੇ ਉਹ ਪੁਰਾਤਨ ਸਥਾਪਿਤ ਸਮਾਜਿਕ ਰੀਤੀ ਰਿਵਾਜਾਂ ਨੂੰ ਛੱਡਣ ਦੇ ਹੱਕ ਵਿਚ ਨਹੀਂ ਸੀ। ਉਹ ਸਿੱਧਾ ਗੁਰੂ ਨਾਨਕ ਦਾ ਉਤਰਾਧਿਕਾਰੀ ਹੋਣ ਕਰਕੇ ਆਪਣੇ ਆਪ ਨੂੰ ਅਤੇ ਆਪਣੇ ਕਬੀਲੇ ਨੂੰ ਵਿਸ਼ੇਸ਼ ਸਤਿਕਾਰ ਦਾ ਪਾਤਰ ਸਮਝਦਾ ਸੀ ਕਿਉਂਕਿ ਗੁਰੂ ਨਾਨਕ ਇਸ ਨਾਲ ਸੰਬੰਧਿਤ ਸਨ। ਦੂਸਰੇ ਪਾਸੇ ਭਾਈ ਗੁਰਮੁਖ ਸਿੰਘ ਇਕ ਪ੍ਰਗਤੀਵਾਦੀ ਸੁਧਾਰਕ ਸੀ ਜਿਸਦਾ ਵਿਸ਼ਵਾਸ ਸੀ ਕਿ ਸਿੱਖ ਧਰਮ ਇਕ ਵਖਰਾ ਉੱਤਮ ਧਰਮ ਹੈ ਜਿਸ ਵਿਚ ਵਿਸ਼ਵਾਸ ਰੱਖਣ ਵਾਲੇ ਸਾਰੇ ਬਰਾਬਰ ਹਨ ਅਤੇ ਇਸ ਵਿਚ ਜਾਤਪਾਤ ਜਾਂ ਵਿਸ਼ੇਸ਼ ਅਹੁਦੇ ਦਾ ਕੋਈ ਭਿੰਨ ਭੇਦ ਨਹੀਂ ਕੀਤਾ ਜਾਂਦਾ। ਫਲਸਰੂਪ 10-11 ਅਪ੍ਰੈਲ 1886 ਨੂੰ ਲਾਹੌਰ ਵਿਖੇ ਇਕ ਵੱਖਰਾ ਖ਼ਾਲਸਾ ਦੀਵਾਨ ਸਰਦਾਰ ਅਤਰ ਸਿੰਘ ਭਦੌੜ ਦੀ ਪ੍ਰਧਾਨਗੀ ਹੇਠ ਸਥਾਪਿਤ ਕੀਤਾ ਗਿਆ ਜਿਸਦੇ ਪ੍ਰੋਫ਼ੈਸਰ ਗੁਰਮੁਖ ਸਿੰਘ ਸਕੱਤਰ ਸਨ। ਅੰਮ੍ਰਿਤਸਰ ਖ਼ਾਲਸਾ ਦੀਵਾਨ ਨੇ ਆਪਣਾ ਦੋ ਸਦਨੀ ਸੰਸਥਾ ਦੇ ਰੂਪ ਵਿਚ ਪੁਨਰਗਠਨ ਕਰ ਲਿਆ ਜਿਸ ਵਿਚ ਮਹਾਨਖੰਡ ਜਿਸ ਵਿਚ ਉਚ ਸ਼੍ਰੇਣੀ ਅਤੇ ਸਮਾਨ ਖੰਡ ਜਿਸ ਵਿਚ ਆਮ ਸਿੱਖ ਅਤੇ ਪੁਜਾਰੀ ਸ਼ਾਮਲ ਸਨ। ਕੁਝ ਛੋਟੀਆਂ ਸੰਸਥਾਵਾਂ ਇਸ ਲਹਿਰ ਦੇ ਉਦੇਸ਼ਾਂ ਦੀ ਪੂਰਤੀ ਲਈ ਕਿਰਿਆਸ਼ੀਲ ਸਨ। 8 ਅਪ੍ਰੈਲ 1885 ਨੂੰ ਗੁਰਮਤਿ ਗ੍ਰੰਥ ਪ੍ਰਚਾਰਕ ਸਭਾ ਅੰਮ੍ਰਿਤਸਰ ਸਥਾਪਿਤ ਕੀਤੀ ਗਈ ਜਿਹੜੀ ਸਿਧਾਂਤਿਕ ਅਤੇ ਇਤਿਹਾਸਿਕ ਵਿਸ਼ਿਆਂ ਤੇ ਖੋਜ ਕਰਦੀ ਸੀ ਅਤੇ ਪੁਸਤਕਾਂ ਛਾਪਦੀ ਸੀ। ਭਾਈ ਵੀਰ ਸਿੰਘ ਦੇ ਯਤਨਾਂ ਨਾਲ 1894 ਵਿਚ ਖ਼ਾਲਸਾ ਟ੍ਰੈਕਟ ਸੁਸਾਇਟੀ ਹੋਂਦ ਵਿਚ ਆਈ। ਅਪ੍ਰੈਲ 1893 ਵਿਚ ਡਾ. ਜੈ.ਸਿੰਘ ਦੁਆਰਾ ਸਿੱਖ ਧਰਮ ਵਿਚ ਲਿਆਉਣ ਅਤੇ ਛੱਡ ਚੁੱਕਿਆਂ ਨੂੰ ਦੁਬਾਰਾ ਫਿਰ ਦਾਖ਼ਲ ਕਰਨ ਲਈ ਸ਼ੁੱਧੀ ਸਭਾ ਸਥਾਪਿਤ ਕੀਤੀ ਗਈ। ਸਥਾਨਿਕ ਸਿੰਘ ਸਭਾਵਾਂ ਵਿਚੋਂ ਇਕ ਭਸੌੜ ਵਿਖੇ ਸੀ ਜੋ ਬਾਬੂ ਤੇਜਾ ਸਿੰਘ ਦੀ ਅਗਵਾਈ ਵਿਚ ਸਭ ਤੋਂ ਵੱਧ ਗਤੀਸ਼ੀਲ ਸੀ। ਵਿਦਵਾਨਾਂ ਵਿਚੋਂ ਗਿਆਨੀ ਗਿਆਨ ਸਿੰਘ ਇਤਿਹਾਸਕਾਰ ਅਤੇ ਪੰਡਤ ਤਾਰਾ ਸਿੰਘ ਨਰੋਤਮ ਸਭ ਤੋਂ ਵੱਧ ਪ੍ਰਭਾਵਸ਼ਾਲੀ ਸਨ।

    ਦੋਵੇਂ ਦੀਵਾਨ ਆਪਸੀ ਝਗੜੇ ਅਤੇ ਇਥੋਂ ਤੱਕ ਕਿ ਮੁਕੱਦਮਿਆਂ ਦੇ ਬਾਵਜੂਦ ਇਕੋ ਉਦੇਸ਼ ਅਤੇ ਇਕੋ ਪ੍ਰੋਗਰਾਮਾਂ ਲਈ ਕੰਮ ਕਰਦੇ ਸਨ ਪਰੰਤੂ ਖ਼ਾਲਸਾ ਦੀਵਾਨ ਲਾਹੌਰ ਛੇਤੀ ਹੀ ਆਪਣੇ ਵਿਰੋਧੀ ਤੋਂ ਅੱਗੇ ਲੰਘ ਗਿਆ ਕਿਉਂਕਿ ਇਹ ਪ੍ਰਗਤੀਵਾਦੀ ਸੀ ਅਤੇ ਭਾਈ ਗੁਰਮੁਖ ਸਿੰਘ ਨੇ ਆਪਣੇ ਦੋ ਹੋਰ ਸਾਥੀਆਂ ਦੀ ਮਦਦ ਵੀ ਪ੍ਰਾਪਤ ਕਰ ਲਈ ਸੀ ਜੋ ਪੂਰੀ ਤਰ੍ਹਾਂ ਸਮਰਪਿਤ ਅਤੇ ਮਿਹਨਤੀ ਸਨ। ਇਹ ਦੋਵੇਂ ਸੱਜਣ ਗਿਆਨੀ ਦਿੱਤ ਸਿੰਘ ਅਤੇ ਭਾਈ ਜਵਾਹਿਰ ਸਿੰਘ ਕਪੂਰ ਸਨ। ਗਿਆਨੀ ਦਿੱਤ ਸਿੰਘ ਖ਼ਾਲਸਾ ਅਖ਼ਬਾਰ ਦਾ ਸੰਪਾਦਕ ਸੀ ਅਤੇ ਇਸ ਲਈ ਲਿਖਦਾ ਰਹਿੰਦਾ ਸੀ। ਇਸ ਨੇ ਦੀਵਾਨ ਦੀ ਵਿਚਾਰਧਾਰਾ ਦੇ ਪ੍ਰਾਪੇਗੰਡੇ ਦਾ ਇਕ ਤਕੜਾ ਸਾਧਨ ਇਸ ਅਖ਼ਬਾਰ ਨੂੰ ਬਣਾ ਦਿੱਤਾ। ਗਿਆਨੀ ਦਿੱਤ ਸਿੰਘ ਦੇ ਵਿਰੁੱਧ ਮਾਨਹਾਨੀ ਦੇ ਕੇਸ ਵਿਚ ਫਰਵਰੀ 1888 ਨੂੰ ਲਾਹੌਰ ਦੇ ਜੱਜ ਆਰ. ਐਲ. ਹੈਰਿਸ ਨੇ ਨਿਮਨ ਲਿਖਿਤ ਫ਼ੈਸਲਾ ਦਿੱਤਾ ਸੀ:

    (ਓ) ਲਾਹੌਰ ਦੀ ਸਭਾ ਨਾਲ ਲਗਪਗ 30 ਸਿੰਘ ਸਭਾਵਾਂ ਜੁੜੀਆਂ ਹੋਈਆਂ ਹਨ ਜਦੋਂ ਕਿ ਅੰਮ੍ਰਿਤਸਰ ਸਭਾ ਨਾਲ ਲਗਪਗ ਛੇ ਜਾਂ ਸੱਤ ਸਿੰਘ ਸਭਾਵਾਂ ਜੁੜੀਆਂ ਹੋਈਆਂ ਸਨ ਜਿਸ ਵਿਚ ਰਾਵਲਪਿੰਡੀ ਫ਼ਿਰੋਜ਼ਪੁਰ ਅਤੇ ਫ਼ਰੀਦਕੋਟ ਦੀਆਂ ਸਭਾਵਾਂ ਵੀ ਸ਼ਾਮਲ ਹਨ।

    (ਅ) ਲਾਹੌਰ ਸਿੰਘ ਸਭਾ ਵਿਚ ਵਿਦਵਾਨ ਪੜ੍ਹੇ ਲਿਖੇ ਵਿਅਕਤੀ ਹਨ ਜੋ ਆਪਣੇ ਆਪ ਨੂੰ ਪੁਜਾਰੀਵਾਦ ਦੇ ਸ਼ਿਕੰਜੇ ਵਿਚੋਂ ਕੱਢਣ ਲਈ ਯਤਨ ਕਰ ਰਹੇ ਹਨ ਅਤੇ ਪੁਜਾਰੀ ਸ਼੍ਰੇਣੀ ਨੇ ਇਸ ਵਿਚ ਜੋ ਕੂੜ ਕਬਾੜ ਭਰ ਦਿੱਤਾ ਹੈ ਉਸਤੋਂ ਮੁਕਤੀ ਲਈ ਯਤਨ ਕਰ ਰਹੇ ਹਨ। ਨਿਰਸੰਦੇਹ ਇਸ ਵਿਚ ਬੇਦੀ ਗੁਰੂ ਅਤੇ ਸੋਢੀ ਸ਼੍ਰੇਣੀ ਦੇ ਪੁਜਾਰੀ ਸ਼ਾਮਲ ਹਨ। ਇਹਨਾਂ ਦੇ ਵਿਰੋਧੀ ਕੁਦਰਤੀ ਤੌਰ ਤੇ ਪੁਜਾਰੀ ਹੀ ਹਨ ਜਿਹੜੇ ਹਰ ਢੰਗ ਤਰੀਕੇ ਨਾਲ ਮਨੁੱਖ ਦੇ ਮਨ ਉੱਤੇ ਆਪਣਾ ਪ੍ਰਭਾਵ ਕਾਇਮ ਰੱਖਣਾ ਚਾਹੁੰਦੇ ਹਨ ਭਾਵੇਂ ਕਿ ਇਹ ਸੱਚੀ ਧਾਰਮਿਕਤਾ ਅਤੇ ਧਾਰਮਿਕ ਵਿਕਾਸ ਦੀ ਕੀਮਤ ਤੇ ਹੀ ਸੰਭਵ ਹੋ ਸਕੇਗੀ। ਇਸ ਲਈ ਸਾਨੂੰ ਜਾਪਦਾ ਹੈ ਬੇਦੀ ਖੇਮ ਸਿੰਘ ਇਸ ਪੁਜਾਰੀ ਸ਼੍ਰੇਣੀ ਦੇ ਮੁਖੀ ਹੋਣ ਕਰਕੇ ਫ਼ਰੀਦਕੋਟ ਦੇ ਰਾਜੇ ਨਾਲ ਮਿਲੇ ਹੋਏ ਹਨ ਜੋ ਸੁਧਾਰ ਦੀ ਲਹਿਰ ਦਾ ਵਿਰੋਧ ਕਰਦੇ ਹਨ ਅਤੇ ਉਸ ਨੂੰ ਕੁਚਲ ਦੇਣਾ ਚਾਹੁੰਦੇ ਹਨ।

    ਸਿੰਘ ਸਭਾ ਵਿਚ ਸਭ ਤੋਂ ਵਧ ਵਿਵਾਦਪੂਰਨ ਗੱਲ ਸੀ ਕਿ ਕੀ ਸਿੱਖ ਹਿੰਦੂ ਹੀ ਹਨ। ਅੰਮ੍ਰਿਤਸਰ ਦੀਵਾਨ ਦੇ ਸਨਾਤਨੀਆਂ ਲਈ ਸਿੱਖ ਧਰਮ ਹਿੰਦੂ ਧਰਮ ਦੀ ਹੀ ਇਕ ਸ਼ਾਖਾ ਹੈ। ਗੁਰੂ ਗ੍ਰੰਥ ਸਾਹਿਬ ਤੋਂ ਉਦਾਹਰਨਾਂ ਦੇ ਕੇ ਇਹ ਸਿੱਧ ਕਰਨ ਦਾ ਯਤਨ ਕੀਤਾ ਜਾਂਦਾ ਸੀ ਕਿ ਗੁਰੂਆਂ ਨੇ ਹਿੰਦੂਆਂ ਤੋਂ ਕਦੇ ਵੀ ਸਿੱਖਾਂ ਨੂੰ ਵੱਖ ਨਹੀਂ ਕੀਤਾ ਅਤੇ ਦਰਅਸਲ ਹਿੰਦੂ ਦੇਵੀ ਦੇਵਤੇ ਅਤੇ ਗ੍ਰੰਥਾਂ ਦਾ ਸਨਮਾਨ ਕੀਤਾ ਹੈ। ਇਸ ਵਿਚ ਰੂੜ੍ਹੀਵਾਦੀਆਂ ਦੀ ਆਰੀਆ ਸਮਾਜੀ ਬਹੁਤ ਜ਼ੋਰ ਸ਼ੋਰ ਨਾਲ ਹਿਮਾਇਤ ਕਰ ਰਹੇ ਸਨ। ਦੂਸਰੇ ਪਾਸੇ ਤੱਤ ਖ਼ਾਲਸਾ ਜਾਂ ਪ੍ਰਗਤੀਵਾਦੀ ਖ਼ਾਲਸਾ ਦੀਵਾਨ ਲਾਹੌਰ ਨੇ ਅਪਣੀ ਲੜਾਈ ਦਾ ਮੂਲ ਮੁੱਦਾ ‘ਹਮ ਹਿੰਦੂ ਨਹੀਂ` ਬਣਾਇਆ। ਇਹ ਗੁਰੂ ਗ੍ਰੰਥ ਸਾਹਿਬ ਅਤੇ ਇਤਿਹਾਸ ਤੋਂ ਇਸ ਭਾਵ ਦੀਆਂ ਟੂਕਾਂ ਦਿੰਦੇ ਸਨ ਤਾਂ ਕਿ ਸਿੱਖ ਧਰਮ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਸਭ ਤੋਂ ਵਧ ਖ਼ਤਰਨਾਕ ਖ਼ਤਰੇ ਦਾ ਸਾਮ੍ਹਣਾ ਕੀਤਾ ਜਾ ਸਕੇ। ਇਸ ਮੁੱਦੇ ਤੇ ਟ੍ਰੈਕਟ ਜੰਗ ਸਰਗਰਮ ਹੋ ਗਈ ਅਤੇ ਕਾਫ਼ੀ ਦੇਰ ਤਕ ਚਲਦੀ ਰਹੀ। ਇਸ ਵਿਸ਼ੇ ਤੇ ਕਈ ਦਰਜਨਾਂ ਟ੍ਰੈਕਟ ਅਤੇ ਕਿਤਾਬਚੇ ਛਪੇ ਜਿਨ੍ਹਾਂ ਵਿਚੋਂ ਸਭ ਤੋਂ ਵੱਧ ਤਰਕਪੂਰਨ ਅਤੇ ਮੰਨਣਯੋਗ ਭਾਈ ਕਾਨ੍ਹ ਸਿੰਘ ਨਾਭਾ ਦਾ ‘ਹਮ ਹਿੰਦੂ ਨਹੀਂ` ਪਹਿਲੀ ਵਾਰ 1898 ਵਿਚ ਛਪਿਆ।

    ਦੋਵਾਂ ਦੀਵਾਨਾਂ ਵਿਚਕਾਰ ਝਗੜੇ ਦਾ ਇਕ ਹੋਰ ਘੱਟ ਮਹੱਤਵਪੂਰਨ ਕਾਰਨ ਵੀ ਸੀ। ਦੋਵੇਂ ਖ਼ਾਲਸਾ ਕਾਲਜ ਖੋਲ੍ਹਣ ਲਈ ਸਰਕਾਰ ਦੀ ਹਿਮਾਇਤ ਲਈ ਯਤਨ ਕਰ ਰਹੇ ਸਨ। ਖ਼ਾਲਸਾ ਦੀਵਾਨ ਅੰਮ੍ਰਿਤਸਰ ਨੇ 1883 ਦੇ ਸ਼ੁਰੂ ਵਿਚ ਇਕ ਸਲਾਹ ਦਿੱਤੀ ਸੀ ਪਰੰਤੂ ਦੀਵਾਨਾਂ ਦੇ ਆਪਸੀ ਝਗੜਿਆਂ ਕਾਰਨ ਇਹ ਸਿਰੇ ਨਾ ਚੜ੍ਹ ਸਕੀ। ਆਖ਼ਰ ਜਦੋਂ ਖ਼ਾਲਸਾ ਦੀਵਾਨ ਲਾਹੌਰ ਸਰਕਾਰ ਅਤੇ ਸਿੱਖ ਅਮੀਰਸ਼ਾਹੀ ਦੀ ਹਿਮਾਇਤ ਹਾਸਲ ਕਰਨ ਵਿਚ ਕਾਮਯਾਬ ਹੋ ਗਿਆ ਅਤੇ ਇਸ ਦੇ ਸੰਬੰਧ ਵਿਚ ਡਾਇਰੈਕਟਰ ਪਬਲਿਕ ਇੰਸਟ੍ਰਕਸ਼ਨਸ ਪੰਜਾਬ ਕਰਨਲ ਡਬਲਯੂ. ਆਰ.ਐਮ. ਹੋਲਰੋਡ ਦੀ ਚੇਅਰਮੈਨਸ਼ਿਪ ਤਹਿਤ ਇਕ ਸੰਸਥਾਪਿਕ ਕਮੇਟੀ ਸਥਾਪਿਤ ਕੀਤੀ ਗਈ। ਅਗਲੇ ਸਾਲ ਡਾ. ਡਬਲਯੂ.ਐਚ.ਰੈਟੀਗਨ ਚੇਅਰਮੈਨ ਬਣੇ ਅਤੇ ਸਰਦਾਰ ਅਤਰ ਸਿੰਘ ਭਦੌੜ ਉਪ ਚੇਅਰਮੈਨ ਅਤੇ ਸਰਕਾਰੀ ਕਾਲਜ, ਲਾਹੌਰ ਦੇ ਡਬਲਯੂ. ਬੈਲ ਸਕੱਤਰ ਬਣੇ। ਕਾਲਜ ਦੀ ਥਾਂ ਬਾਰੇ ਕੁਝ ਵਾਦ ਵਿਵਾਦ ਸੀ। ਆਖ਼ਰ ਅੰਮ੍ਰਿਤਸਰ ਦੇ ਸਮਰਥਕਾਂ ਦੀ ਗੱਲ ਮੰਨੀ ਗਈ ਅਤੇ ਪੰਜਾਬ ਦੇ ਲੈਫਟੀਨੈਂਟ ਗਵਰਨਰ ਨੇ 5 ਮਾਰਚ 1892 ਨੂੰ ਕਾਲਜ ਦਾ ਨੀਂਹ ਪੱਥਰ ਰੱਖ ਦਿੱਤਾ।

    ਦੋਵਾਂ ਦੀਵਾਨਾਂ ਵਿਚ ਆਪਸੀ ਦੋਸ਼-ਅਰੋਪਣ ਕਰਨ ਨਾਲ ਨਿਰਪੱਖ ਵਿਅਕਤੀਆਂ ਨੇ ਕੇਂਦਰੀ ਸੰਗਠਨ ਤਹਿਤ ਦੋਵਾਂ ਦੀਵਾਨਾਂ ਨੂੰ ਜੋੜਨ ਲਈ ਅਵਾਜ਼ ਉਠਾਈ। ਇਸ ਗੱਲ ਦੀ ਪੁਸ਼ਟੀ ਦੀ ਗੂੰਜ 12 ਅਪ੍ਰੈਲ 1900 ਨੂੰ ਮਲਵਈ ਬੁੰਗਾ ਅੰਮ੍ਰਿਤਸਰ ਵਿਖੇ ਸਿੱਖਾਂ ਦੇ ਹੋਏ ਭਾਰੀ ਇਕੱਠ ਵਿਚ ਸਾਮ੍ਹਣੇ ਆਈ। ਇਸ ਕਾਨਫ਼ਰੰਸ ਨੇ ਸਰਬਸੰਮਤੀ ਨਾਲ ਸਿੱਖ ਪੰਥ ਲਈ ਸਰਬੋਤਮ ਨਵੇਂ ਖ਼ਾਲਸਾ ਦੀਵਾਨ ਦੀ ਸਥਾਪਤੀ ਲਈ ਹੁੰਗਾਰਾ ਭਰਿਆ। ਇਸ ਤਰ੍ਹਾਂ ਦੇ ਏਕਤਾ-ਸਮਰਥਕ ਸੰਗਠਨ ਦਾ ਸੰਵਿਧਾਨ ਬਣਾਉਣ ਲਈ ਇਕ ਕਮੇਟੀ ਬਣਾਈ ਗਈ। ਇਸਦੀ ਲੋੜ ਇਸ ਲਈ ਵੀ ਪਈ ਕਿ ਪਹਿਲੇ ਦੀਵਾਨਾਂ ਦੇ ਕਈ ਕਰਤਾ ਧਰਤਾ ਇਸ ਸਦੀ ਦੇ ਅਰੰਭ ਵਿਚ ਹੀ ਅਕਾਲ ਚਲਾਣਾ ਕਰ ਗਏ ਸਨ। ਸਰਦਾਰ ਠਾਕਰ ਸਿੰਘ ਸੰਧਾਵਾਲੀਆ ਅਤੇ ਕੰਵਰ ਬਿਕਰਮਾ ਸਿੰਘ ਪਹਿਲਾਂ ਹੀ 1887 ਵਿਚ ਚਲਾਣਾ ਕਰ ਚੁਕੇ ਸਨ। ਹੁਣ ਛੇਤੀ ਹੀ ਇਸ ਪਿੱਛੋਂ ਲਗਾਤਾਰ ਸਰਦਾਰ ਅਤਰ ਸਿੰਘ ਭਦੌੜ ਅਤੇ ਡਾ. ਜੈ ਸਿੰਘ (ਜੂਨ 1896), ਰਾਜਾ ਬਿਕਰਮ ਸਿੰਘ ਫਰੀਦਕੋਟ (ਅਗਸਤ 1898), ਪ੍ਰੋਫ਼ੈਸਰ ਗੁਰਮੁਖ ਸਿੰਘ (ਸਤੰਬਰ 1898) ਅਤੇ ਗਿਆਨੀ ਦਿੱਤ ਸਿੰਘ (ਸਤੰਬਰ 1901) ਅਕਾਲ ਚਲਾਣਾ ਕਰ ਗਏ ਸਨ। ਹੁਣ ਸਿੰਘ ਸਭਾ ਲਹਿਰ ਨੂੰ ਅਗੇ ਚਲਾਉਣ ਦੀ ਜਿੰਮੇਵਾਰੀ ਨਵੀਂ ਸੰਸਥਾ, ਚੀਫ਼ ਖ਼ਾਲਸਾ ਦੀਵਾਨ ਨੇ ਲੈ ਲਈ ਜਿਹੜੀ ਰਸਮੀ ਤੌਰ ਤੇ 30 ਅਕਤੂਬਰ 1902 ਨੂੰ ਅੰਮ੍ਰਿਤਸਰ ਵਿਖੇ ਸਥਾਪਿਤ ਹੋਈ ਸੀ। ਬਾਗੜੀਆਂ ਦੇ ਭਾਈ ਅਰਜਨ ਸਿੰਘ ਨੂੰ ਇਸਦਾ ਪਹਿਲਾ ਪ੍ਰਧਾਨ ਚੁਣਿਆ ਗਿਆ। ਸਰਦਾਰ ਸੁੰਦਰ ਸਿੰਘ ਮਜੀਠੀਆ ਸਕੱਤਰ ਅਤੇ ਸੋਢੀ ਸੁਜਾਨ ਸਿੰਘ ਨੂੰ ਵਧੀਕ ਸਕੱਤਰ ਚੁਣਿਆ ਗਿਆ। ਇਸਦੀ ਮੈਂਬਰਸ਼ਿਪ ਸਾਰੇ ਅੰਮ੍ਰਿਤਧਾਰੀ ਸਿੱਖਾਂ ਲਈ ਖੁੱਲ੍ਹੀ ਸੀ ਜੋ ਗੁਰਮੁਖੀ ਪੜ੍ਹ ਅਤੇ ਲਿਖ ਸਕਦੇ ਸਨ। ਇਸਦੇ ਮੈਂਬਰਾਂ ਤੋਂ ਉਮੀਦ ਰੱਖੀ ਜਾਂਦੀ ਸੀ ਕਿ ਇਹ ਪੰਥ ਦੀਆਂ ਆਮ ਲੋੜਾਂ ਲਈ ਆਪਣੀ ਸਾਲਾਨਾ ਆਮਦਨ ਦਾ ਦਸਵੰਧ ਦੇਣ। ਚੀਫ਼ ਖ਼ਾਲਸਾ ਦੀਵਾਨ ਨੇ ਪਹਿਲੇ ਖ਼ਾਲਸਾ ਦੀਵਾਨ ਦੇ ਸਾਰੇ ਉਦੇਸ਼ਾਂ ਅਤੇ ਪ੍ਰੋਗਰਾਮਾਂ ਨੂੰ ਅਪਣਾ ਲਿਆ ਜਿਨ੍ਹਾਂ ਵਿਚ ਪ੍ਰਮੁਖ ਸਨ ਸਿੱਖ ਪੰਥ ਦੀ ਵੱਖਰੀ ਪਛਾਣ ਅਤੇ ਅਜ਼ਾਦ ਹਸਤੀ , ਸਿੱਖ ਗੁਰੂਆਂ ਦੀ ਸਿੱਖਿਆ ਅਤੇ ਆਮ ਵਿੱਦਿਆ ਅਜੋਕੇ ਢੰਗ ਨਾਲ ਫ਼ੈਲਾਉਣਾ, ਪਰੰਪਰਾ ਅਤੇ ਚਲੰਤ ਮਾਮਲਿਆਂ ਉੱਤੇ ਸੂਚਨਾਵਾਂ ਦੇਣੀਆਂ ਅਤੇ ਸਰਕਾਰ ਅਤੇ ਸਿੱਖ ਰਾਜਿਆਂ ਨਾਲ ਚੰਗੇ ਸੰਬੰਧ ਕਾਇਮ ਰੱਖ ਕੇ ਸਿੱਖਾਂ ਦੇ ਰਾਜਨੀਤਿਕ ਹੱਕਾਂ ਦੀ ਰਾਖੀ ਕਰਨਾ। ਇਸਨੇ ਸਥਾਨਿਕ ਸਿੰਘ ਸਭਾਵਾਂ ਜਿਨ੍ਹਾਂ ‘ਚੋਂ ਜ਼ਿਆਦਾ ਨਵੇਂ ਦੀਵਾਨ ਨਾਲ ਸੰਬੰਧਿਤ ਰਹਿਣਾ ਚਾਹੁੰਦੀਆਂ ਸਨ ਦੀ ਮਦਦ ਅਤੇ ਪ੍ਰਮੁਖ ਸ਼ਖਸੀਅਤਾਂ ਜਿਵੇਂ ਭਾਈ ਵੀਰ ਸਿੰਘ, ਭਾਈ ਮੋਹਨ ਸਿੰਘ ਵੈਦ , ਭਾਈ ਤਖ਼ਤ ਸਿੰਘ, ਬਾਬੂ ਤੇਜਾ ਸਿੰਘ, ਭਾਈ ਕਾਨ੍ਹ ਸਿੰਘ ਅਤੇ ਭਾਈ ਜੋਧ ਸਿੰਘ ਦੀ ਮਿਲਵਰਤਣ ਨਾਲ ਆਪਣਾ ਇਹ ਮਿਸ਼ਨ ਪੂਰਾ ਕੀਤਾ। ਇਸ ਦੀ ਸਭ ਤੋਂ ਪਹਿਲੀ ਕਾਮਯਾਬੀ 35 ਆਦਮੀਆਂ ਦਾ ਸਿੱਖ ਧਰਮ ਵਿਚ ਪ੍ਰਵੇਸ਼ ਹੋਣਾ ਸੀ ਜਿਨ੍ਹਾਂ ਵਿਚ ਛੇ ਮੈਂਬਰਾਂ ਦਾ ਇਕ ਮੁਸਲਮਾਨ ਪਰਵਾਰ ਵੀ ਸੀ ਜੋ ਬਾਬੂ ਤੇਜਾ ਸਿੰਘਾ ਵੱਲੋਂ 13-14 ਜੂਨ 1903 ਨੂੰ ਜਲੰਧਰ ਜਿਲੇ ਵਿਚ ਫਿਲੌਰ ਦੇ ਨੇੜੇ ਇਕ ਪਿੰਡ ਬਕਾਪੁਰ ਵਿਚ ਸਜੇ ਦੀਵਾਨ ਵਿਚ 35 ਆਦਮੀਆਂ ਨਾਲ ਸਿੱਖ ਧਰਮ ਵਿਚ ਆ ਗਿਆ ਸੀ। ਇਸ ਤੋਂ ਅਗਲੀ ਪ੍ਰਾਪਤੀ ਸੀ 1909 ਵਿਚ ਅਨੰਦ ਵਿਆਹ ਐਕਟ ਪਾਸ ਕੀਤਾ ਜਾਣਾ ਜਿਸ ਨਾਲ ਸਿੱਖ ਵਿਆਹ ਰਸਮ ਨੂੰ ਕਾਨੂੰਨੀ ਮਾਨਤਾ ਮਿਲ ਗਈ। ਇਸ ਬਿੱਲ ਨੂੰ ਇੰਮਪੀਰੀਅਲ ਲੈਜਿਸਲੇਟਿਵ ਕੌਂਸਲ ਵਿਚ ਸਰਦਾਰ ਸੁੰਦਰ ਸਿੰਘ ਮਜੀਠੀਆ ਅਤੇ ਟਿੱਕਾ ਰਿਪੁਦਮਨ ਸਿੰਘ ਨਾਭਾ ਦੁਆਰਾ ਲੈ ਜਾਇਆ ਗਿਆ ਅਤੇ ਇਸਦੀ ਪੈਰਵੀ ਕੀਤੀ ਗਈ। ਸਿੱਖ ਇਤਿਹਾਸ ਵਿਚ ਇਕ ਹੋਰ ਪ੍ਰਾਪਤੀ ਇਹ ਸੀ ਕਿ ਚੀਫ਼ ਖ਼ਾਲਸਾ ਦੀਵਾਨ ਦੇ ਅਰੰਭ ਤੋਂ 1908 ਵਿਚ ਇਸਦੀ ਐਜੂਕੇਸ਼ਨਲ ਕਮੇਟੀ ਤਹਿਤ ਸਾਲਾਨਾ ਸਿੱਖ ਐਜੂਕੇਸ਼ਨਲ ਕਾਨਫ਼ਰੰਸ ਸ਼ੁਰੂ ਹੋ ਗਈ ਜੋ ਅੱਜ ਤਕ ਚੱਲ ਰਹੀ ਹੈ। ਦੀਵਾਨ ਦੀਆਂ ਕੁਝ ਹੋਰ ਪ੍ਰਾਪਤੀਆਂ ਵਿਚੋਂ ਇਕ ਇਹ ਸੀ ਕਿ ਅੰਮ੍ਰਿਤਸਰ ਵਿਚ 1905 ਵਿਚ ਦਰਬਾਰ ਸਾਹਿਬ ਦੇ ਚੁਗਿਰਦੇ ਅੰਦਰੋਂ ਮੂਰਤੀਆਂ ਚੁਕਵਾ ਦਿੱਤੀਆਂ ਗਈਆਂ ਸਨ ਅਤੇ ਦੂਸਰਾ ਸਿੱਖ ਰਹਿਤ ਮਰਯਾਦਾ ਦੇ ਖਰੜੇ ਦੀ ਤਿਆਰੀ ਸੀ ਜਿਸ ਅਨੁਸਾਰ ਸਿੱਖ ਆਪਣੀਆਂ ਸਮਾਜਿਕ ਧਾਰਮਿਕ ਰਸਮਾਂ ਅਤੇ ਰਿਵਾਜ ਨਿਭਾ ਸਕਣ (1916)।

    ਇਕ ਦਹਾਕੇ ਤੋਂ ਵੱਧ ਸਮੇਂ ਤਕ ਚੀਫ ਖ਼ਾਲਸਾ ਦੀਵਾਨ ਨੇ ਆਪਣੀ ਪੁਜੀਸ਼ਨ ਨੂੰ ਮਜਬੂਤ ਕੀਤਾ ਅਤੇ ਸਿੱਖ ਨਿਵੇਕਲੀ ਹੋਂਦ ਨੂੰ ਪੱਕਾ ਕਰਨ ਅਤੇ ਸਿੱਖ ਸੰਸਥਾਵਾਂ ਨੂੰ ਮਜ਼ਬੂਤ ਕਰਨ ਵਿਚ ਇਸ ਨੂੰ ਬਹੁਤ ਸਫ਼ਲਤਾ ਮਿਲੀ। 1914 ਤੋਂ ਅੱਗੇ ਇਸ ਸੰਸਥਾ ਦੀ ਸਿੱਖ ਸੰਗਤ ਵਿਚ ਪ੍ਰਸਿੱਧੀ ਅਤੇ ਪ੍ਰਭਾਵ ਘਟ ਗਿਆ। ਸਰਕਾਰ ਵੱਲ ਵਫਾਦਾਰੀ ਇਸ ਕਰਕੇ ਸੀ ਤਾਂ ਕਿ ਸਰਕਾਰ ਤੋਂ ਫ਼ਾਇਦੇ ਲਏ ਜਾ ਸਕਣ ਜਿਵੇਂ ਲਾਹੌਰ ਅਤੇ ਅੰਮ੍ਰਿਤਸਰ ਦੇ ਪੁਰਾਣੇ ਖ਼ਾਲਸਾ ਦੀਵਾਨਾਂ ਦੀ ਸਥਿਤੀ ਸੀ ਪਰੰਤੂ ਦੇਸ ਦੀ ਸਮਾਜਿਕ-ਰਾਜਨੀਤਿਕ ਸਥਿਤੀ ਵੀਹਵੀਂ ਸਦੀ ਦੇ ਅਰੰਭ ਨਾਲ ਬਦਲ ਗਈ ਸੀ। 1906-07 ਵਿਚ ਕਿਸਾਨ ਅੰਦੋਲਨ ਪ੍ਰਤੀ ਚੀਫ਼ ਖ਼ਾਲਸਾ ਦੀਵਾਨ ਦਾ ਨਰਮ ਰਵਈਆ, 1914 ਵਿਚ ਰਕਾਬ ਗੰਜ ਅੰਦੋਲਨ, 1915-16 ਵਿਚ ਗਦਰ ਸਰਗਰਮੀਆਂ ਦਾ ਖੁਲ੍ਹੇ ਆਮ ਵਿਰੋਧ ਅਤੇ 1914-18 ਦੇ ਵੱਡੇ ਜੰਗ ਲਈ ਭਾਰਤੀਆਂ ਅਤੇ ਖਾਸ ਕਰਕੇ ਸਿੱਖਾਂ ਦੀ ਜਬਰੀ ਭਰਤੀ ਲਈ ਚੀਫ਼ ਖ਼ਾਲਸਾ ਦੀਵਾਨ ਵਲੋਂ ਉਤਸ਼ਾਹ ਦਿਖਾਉਣ ਦੀ ਸਰਕਾਰ ਪੱਖੀ ਨੀਤੀ ਸ਼ੱਕੀ ਬਣ ਗਈ ਸੀ।

    ਇਸ ਤੋਂ ਇਲਾਵਾ ਸਿੰਘ ਸਭਾ ਲਹਿਰ ਨੇ ਸਿੱਖ ਧਾਰਮਿਕ ਸਪਿਰਟ ਨੂੰ ਹੋਰ ਮਜਬੂਤ ਕਰਨ ਲਈ ਕਾਫ਼ੀ ਕੰਮ ਕੀਤਾ ਸੀ ਪਰੰਤੂ ਇਸਨੇ ਸਿੱਖ ਧਾਰਮਿਕ ਅਸਥਾਨਾਂ ਨੂੰ ਇਹਨਾਂ ਵਿਚ ਪੈਦਾ ਹੋਈਆਂ ਬੁਰਾਈਆਂ ਤੋਂ ਮੁਕਤ ਕਰਾਉਣ ਲਈ ਕੰਮ ਨਹੀਂ ਕੀਤਾ ਸੀ। ਹੁਣ ਜਦੋਂ ਕਿ ਸਿੱਖ ਸੰਗਤ ਆਪਣੇ ਧਾਰਮਿਕ ਵਿਰਸੇ ਬਾਰੇ ਸੁਚੇਤ ਹੋ ਕੇ ਦਿਨੋ ਦਿਨ ਬੇਚੈਨ ਹੋ ਰਹੀ ਸੀ ਕਿਉਂਕਿ ਗੁਰਦੁਆਰੇ ਸਰਕਾਰੀ ਸ਼ਹਿ ਤੇ ਆਚਰਨਹੀਨ ਮਹੰਤਾਂ ਦੇ ਕਬਜ਼ੇ ਵਿਚ ਸਨ, ਚੀਫ਼ ਖ਼ਾਲਸਾ ਦੀਵਾਨ ਬ੍ਰਿਟਿਸ਼ ਦੀ ਨਰਾਜਗੀ ਮੁੱਲ ਨਹੀਂ ਲੈਣਾ ਚਾਹੁੰਦਾ ਸੀ ਅਤੇ ਇਸ ਲਈ ਬੇਵਸ ਸੀ। ਇਕ ਉਦਾਹਰਨ ਹੀ ਇਸ ਤੱਥ ਨੂੰ ਸਪਸ਼ਟ ਕਰ ਦੇਵੇਗੀ। ‘ਖ਼ਾਲਸਾ ਦੀਵਾਨ ਮਾਝਾ` ਜੋ ਕਈ ਖੇਤਰੀ ਸੰਸਥਾਵਾਂ ਵਿਚੋਂ ਇਕ ਸੀ ਜੋ ਗੁਰਦੁਆਰਿਆਂ ਦੇ ਪ੍ਰਬੰਧ ਵਿਚ ਸੁਧਾਰ ਚਾਹੁੰਦੀਆਂ ਸਨ 1904 ਵਿਚ ਸਥਾਪਿਤ ਕੀਤਾ ਗਿਆ ਸੀ। ਚੀਫ਼ ਖ਼ਾਲਸਾ ਦੀਵਾਨ ਨੇ ਪੰਥਕ ਏਕਤਾ ਦਾ ਵਾਸਤਾ ਪਾ ਕੇ ਇਸਨੂੰ ਕੇਂਦਰੀ ਸੰਸਥਾ ਨਾਲ ਜੋੜਨ ਲਈ ਬੇਨਤੀ ਕੀਤੀ। ਇਸ ਸੰਸਥਾ ਨੇ ਚੀਫ ਖ਼ਾਲਸਾ ਦੀਵਾਨ ਦੀ ਗੱਲ ਮੰਨ ਕੇ ਆਪਣੇ ਆਪ ਨੂੰ ਇਸ ਨਾਲ ਜੋੜ ਲਿਆ ਅਤੇ ਕੁਝ ਸਾਲਾਂ ਤਕ ਬੇਚੈਨੀ ਨਾਲ ਇਹਨਾਂ ਦੀ ਬੇਪਰਵਾਹੀ ਅਤੇ ਉਦਾਸੀਨਤਾ ਦੇਖਣ ਉਪਰੰਤ ਮਾਰਚ 1919 ਵਿਚ ਇਹ ਮੁੜ ਇਕ ਅਜ਼ਾਦ ਸੰਸਥਾ ਦੇ ਰੂਪ ਵਿਚ ਸੰਗਠਿਤ ਹੋ ਗਈ। ਕੁਝ ਦਿਨਾਂ ਪਿੱਛੋਂ, 13 ਅਪ੍ਰੈਲ 1919 ਵਿਚ ਜੱਲਿਆਂਵਾਲੇ ਬਾਗ ਦਾ ਕਤਲੇਆਮ ਵਾਪਰ ਗਿਆ ਜਿਸ ਨਾਲ ਬਹੁਤ ਤੇਜੀ ਨਾਲ ਰਾਜਨੀਤਿਕ ਅਤੇ ਧਾਰਮਿਕ ਪ੍ਰਸਥਿਤੀ ਬਦਲ ਗਈ ਜਿਸ ਵਿਚ ਚੀਫ਼ ਖ਼ਾਲਸਾ ਦੀਵਾਨ ਵਿਹਾਰਿਕ ਤੌਰ ਤੇ ਅਪ੍ਰਸੰਗਿਕ ਜਿਹਾ ਹੋ ਗਿਆ ਅਤੇ ਕੇਂਦਰੀ ਅਸਥਾਨ ਗੁਰਦੁਆਰਾ ਸੁਧਾਰ ਲਹਿਰ ਨੇ ਲੈ ਲਿਆ। ਚੀਫ਼ ਖ਼ਾਲਾਸਾ ਦੀਵਾਨ ਜਿਵੇਂ ਕਿਵੇਂ ਸਿੱਖਿਆ ਦੇ ਖੇਤਰ ਵਿਚ ਅਜੇ ਤਕ ਵੀ ਕਿਰਿਆਸ਼ੀਲ ਹੈ ਅਤੇ ਕਈ ਸਥਾਨਿਕ ਸਿੰਘ ਸਭਾਵਾਂ ਇਸ ਨਾਲ ਜੁੜੀਆਂ ਹੋਈਆਂ ਹਨ।

      ਸਿੰਘ ਸਭਾ ਦਾ ਮੁੱਖ ਮੁੱਦਾ ਸਿੱਖ ਪਛਾਣ ਅਤੇ ਸਵੈ ਸਥਾਪਨ ਦਾ ਸੀ। ਇਸ ਲਈ ਇਸ ਸਾਰੇ ਸਮੇਂ ਨੂੰ ਇਸੇ ਕੇਂਦਰੀ ਮੁੱਦੇ ਦੇ ਸੰਦਰਭ ਵਿਚ ਹੀ ਸਮਝਿਆ ਜਾ ਸਕਦਾ ਹੈ। ਕਈ ਨਵੀਆਂ ਸੰਸਥਾਵਾਂ ਜਿਨ੍ਹਾਂ ਦਾ ਮੁਖ ਮੁੱਦਾ ਪੁਨਰ ਸਥਾਪਨਾ ਸੀ ਇਸ ਸਿੰਘ ਸਭਾ ਦੇ ਤਹਿਤ ਹੋਂਦ ਵਿਚ ਆਈਆਂ ਅਤੇ ਸਿੱਖ ਧਰਮ ਨੂੰ ਸਿਥਲਤਾ ਅਤੇ ਜੜਤਾ ਵਿਚੋਂ ਕਢ ਕੇ ਵਾਪਸ ਕਿਰਿਆਸ਼ੀਲ ਕੀਤਾ ਗਿਆ। ਇਸਦੀ ਨੈਤਿਕ ਸ਼ਕਤੀ ਅਤੇ ਕ੍ਰਿਆਤਮਿਕ ਸ਼ਕਤੀ ਦੀ ਮੁੜ ਖੋਜ ਕੀਤੀ ਗਈ। ਸਿੱਖੀ ਮਨ ਨੂੰ ਅਜ਼ਾਦੀ ਦੀ ਪ੍ਰਕਿਰਿਆ ਨੇ ਜਗਾਇਆ ਅਤੇ ਇਹ ਆਪਣੇ ਇਤਿਹਾਸ ਅਤੇ ਪਰੰਪਰਾ ਵੱਲ ਸਪਸ਼ਟ ਰੂਪ ਵਿਚ ਸਵੈ-ਪੜਚੋਲੀ ਨੀਝ ਨਾਲ ਦੇਖਣ ਲੱਗਾ। ਜੋ ਕੁਝ ਵੀ ਪੇਤਲਾ ਅਤੇ ਜਰਜਰ ਹੋ ਚੁੱਕਾ ਸੀ ਅਤੇ ਗੁਰੂ ਦੀਆਂ ਸਿੱਖਿਆਵਾਂ ਦੇ ਵਿਰੁੱਧ ਸੀ ਉਸ ਨੂੰ ਰੱਦ ਕਰ ਦਿੱਤਾ ਗਿਆ। ਸਿੱਖ ਧਰਮ ਦੇ ਸਿਧਾਂਤਾਂ ਦੀ ਸ਼ੁੱਧਤਾ ਨੂੰ ਪੁਨਰ ਸਥਾਪਿਤ ਕਰਨ ਦਾ ਕੰਮ ਅਰੰਭਿਆ ਗਿਆ। ਜੋ ਰੀਤੀ ਰਿਵਾਜ ਸਿੱਖ ਨਿਯਮਾਂ ਅਤੇ ਪਰੰਪਰਾ ਦੇ ਅਨੁਕੂਲ ਸਨ ਉਹਨਾਂ ਨੂੰ ਪੁਨਰ ਸਥਾਪਿਤ ਕੀਤਾ ਗਿਆ। ਕੁਝ ਲਈ ਸਰਕਾਰੀ ਨਿਯਮਾਂ ਰਾਹੀਂ ਕਾਨੂੰਨੀ ਪਰਵਾਨਗੀ ਪ੍ਰਾਪਤ ਕਰ ਲਈ ਗਈ। ਮਾਨਸਿਕ ਰੂਪ ਵਿਚ ਉਪਜਾਊ ਅਤੇ ਵਿਕਾਸਸ਼ੀਲ ਇਸ ਸਮੇਂ ਵਿਚ ਨਵੀਆਂ ਸਭਿਆਚਾਰਿਕ ਅਤੇ ਰਾਜਨੀਤਿਕ ਅਕਾਂਖਿਆਵਾਂ ਹੋਂਦ ਵਿਚ ਆਈਆਂ। ਸਾਹਿਤਿਕ ਅਤੇ ਵਿੱਦਿਅਕ ਪ੍ਰਕ੍ਰਿਆਵਾਂ ਨੂੰ ਵੀ ਪੁਨਰ ਸਥਾਪਿਤ ਕੀਤਾ ਗਿਆ। ਇਕ ਸ਼ਕਤੀਸ਼ਾਲੀ ਰਾਜਨੀਤਿਕ ਪਲੇਟਫਾਰਮ ਰਾਹੀਂ ਸਿੱਖਾਂ ਨੇ ਆਪਣੀਆਂ ਮਾਨਤਾਵਾਂ ਪਰਵਾਨ ਕਰਾਉਣੀਆਂ ਚਾਹੀਆਂ।

    ਸਿੰਘ ਸਭਾ ਦੇ ਸਭ ਤੋਂ ਵੱਧ ਮਹੱਤਵਪੂਰਨ ਪਹਿਲੂ ਵਿੱਦਿਅਕ ਅਤੇ ਸਾਹਿਤਿਕ ਸਨ। ਈ.1900 ਤਕ ਯਤੀਮਖਾਨੇ, ਸਿੱਖ ਸਕੂਲਾਂ ਦੀ ਇਕ ਲੜੀ, ਪ੍ਰਚਾਰਕ ਅਤੇ ਗ੍ਰੰਥੀਆਂ ਦੀ ਟ੍ਰੇਨਿੰਗ ਲਈ ਸੰਸਥਾਵਾਂ ਅਤੇ ਸਵੈ-ਮਜਬੂਤੀ ਲਈ ਕੀਤੇ ਜਾ ਰਹੇ ਯਤਨਾਂ ਦੀ ਪੰਜਾਬ ਵਿਚ ਅਤੇ ਖਾਸ ਕਰਕੇ ਪੰਜਾਬੋਂ ਬਾਹਰ ਅਤੇ ਵਿਦੇਸ਼ ਗਏ ਸਿੱਖਾਂ ਵੱਲੋਂ ਭਰਪੂਰ ਪ੍ਰਸੰਸਾ ਅਤੇ ਸਹਾਇਤਾ ਕੀਤੀ ਗਈ। ਉੱਤਰ ਪੱਛਮ ਪੰਜਾਬ ਵਿਚ ਬਾਬਾ ਖੇਮ ਸਿੰਘ ਬੇਦੀ ਨੇ ਖ਼ਾਲਸਾ ਸਕੂਲ ਬਣਾਉਣ ਵਿਚ ਵਿਸ਼ੇਸ਼ ਯੋਗਦਾਨ ਪਾਇਆ। ਸਿੱਖ ਸਕੂਲ, ਅੰਮ੍ਰਿਤਸਰ, ਲਾਹੌਰ, ਫ਼ਿਰੋਜ਼ਪੁਰ ਅਤੇ ਕੁਝ ਪਿੰਡਾਂ ਜਿਵੇਂ ਕੈਰੋਂ, ਘਰਜਾਖ਼, ਚੂਹੜਚੱਕ ਅਤੇ ਭਸੌੜ ਵਿਖੇ ਖੋਲ੍ਹੇ ਗਏ ਸਨ। ਇਹਨਾਂ ਵਿਚੋਂ ਸਭ ਤੋਂ ਵਧ ਪ੍ਰਸਿੱਧ ਸੰਸਥਾ ਸੀ ਸਿੱਖ ਕੰਨਿਆ ਮਹਾਂ ਵਿਦਿਆਲਯ, ਫਿਰੋਜ਼ਪੁਰ ਜਿਸਨੂੰ ਭਾਈ ਤਖ਼ਤ ਸਿੰਘ ਨੇ ਸਥਾਪਿਤ ਕੀਤਾ ਸੀ। ਇਹਨਾਂ ਖ਼ਾਲਸਾ ਸਕੂਲਾਂ ਵਿਚ ਗੁਰਮੁਖੀ ਅਤੇ ਸਿੱਖ ਧਾਰਮਿਕ ਗ੍ਰੰਥਾਂ ਦੀ ਪੜ੍ਹਾਈ ਲਾਜ਼ਮੀ ਸੀ।

    ਵਿੱਦਿਆ ਵਿਚ ਵਾਧੇ ਨਾਲ ਕਿਤਾਬਾਂ, ਮੈਗਜ਼ੀਨ, ਟ੍ਰੈਕਟ ਅਤੇ ਅਖ਼ਬਾਰਾਂ ਦੇ ਛਾਪੇ ਵਿਚ ਬਹੁਤ ਤੇਜ਼ੀ ਆਈ। ਪੰਜਾਬੀ ਪੱਤਰਕਾਰੀ ਵਿਚ ਸਭ ਤੋਂ ਪਹਿਲਾ ਉੱਦਮ ਲਾਹੌਰ ਖ਼ਾਲਸਾ ਦੀਵਾਨ ਦਾ ਪੰਜਾਬੀ ਹਫ਼ਤਾਵਰ ਖ਼ਾਲਸਾ ਅਖ਼ਬਾਰ ਸੀ। 1899 ਵਿਚ, ਖ਼ਾਲਸਾ ਸਮਾਚਾਰ ਅਰੰਭ ਹੋ ਗਿਆ ਅਤੇ ਛੇਤੀ ਹੀ ਕੌਮ ਦਾ ਪ੍ਰਮੁਖ ਧਰਮ-ਪੱਤਰ ਬਣ ਗਿਆ। ਪ੍ਰਸਿੱਧ ਨਾਵਲਕਾਰ, ਕਵੀ ਅਤੇ ਧਾਰਮਿਕ ਗ੍ਰੰਥਾਂ ਦੇ ਟੀਕਾਕਾਰ ਭਾਈ ਵੀਰ ਸਿੰਘ ਦੀ ਸੰਪਾਦਨਾ ਥੱਲੇ ਇਸ ਦੀ ਗਿਣਤੀ ਕਾਫ਼ੀ ਵਧ ਗਈ। ਪਿੱਛੋਂ ਜਾ ਕੇ ਖ਼ਾਲਸਾ ਐਡਵੋਕੇਟ (ਅੰਗਰੇਜ਼ੀ) ਚੀਫ਼ ਖ਼ਾਲਸਾ ਦੀਵਾਨ ਦਾ ਬੁਲਾਰਾ ਬਣ ਗਿਆ।

    ਗੁਰਮੁਖੀ ਅਤੇ ਅੰਗਰੇਜ਼ੀ ਵਿਚ ਸਿੱਖ ਧਰਮ ਬਾਰੇ ਬਹੁਤ ਕਿਤਾਬਾਂ ਛਾਪੀਆਂ ਗਈਆਂ। ਗੁਰਮੁਖੀ ਦੀਆਂ ਪੁਸਤਕਾਂ ਵਿਚੋਂ ਗਿਆਨੀ ਗਿਆਨ ਸਿੰਘ ਦਾ ਪੰਥ ਪ੍ਰਕਾਸ਼ ਅਤੇ ਤਵਾਰੀਖ਼ ਗੁਰੂ ਖ਼ਾਲਸਾ ਅਤੇ ਕਾਨ੍ਹ ਸਿੰਘ ਦਾ ਵੱਡ ਆਕਾਰੀ ਗੁਰਸ਼ਬਦ ਰਤਨਾਕਰ ਮਹਾਨ ਕੋਸ਼ ਛਪੇ ਜੋ ਬਹੁਤ ਮਹੱਤਵਪੂਰਨ ਸਨ। ਸਿੱਖ ਗੁਰੂਆਂ ਦੀਆਂ ਜੀਵਨੀਆਂ ਅਤੇ ਸਿੱਖਿਆਵਾਂ ਬਾਰੇ ਮੈਕਸ ਆਰਥਰ ਮੈਕਾਲਿਫ ਦੀ ਵੱਡ ਆਕਾਰੀ ਪੁਸਤਕ ਅਤੇ ਫਰੀਦਕੋਟੀ ਟੀਕਾ , ਜੋ ਸੰਪੂਰਨ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਹੈ ਵੀ ਇਸੇ ਸਮੇਂ ਹੀ ਛਪੇ ਸਨ।

    ਸਿੰਘ ਸਭਾ ਲਹਿਰ ਨੇ ਸਿੰਘਾਂ ਨੂੰ ਮੁੜ ਹਿੰਦੂ ਧਰਮ ਵਿਚ ਰਲਣ ਤੋਂ ਰੋਕਿਆ ਹੀ ਨਹੀਂ ਸਗੋਂ ਉੱਤਰ-ਪੱਛਮ ਪੰਜਾਬ ਅਤੇ ਸਿੰਧ ਦੇ ਕਾਫ਼ੀ ਗਿਣਤੀ ਵਿਚ ਹਿੰਦੂ ਸਹਜਧਾਰੀ ਸਿੱਖ ਬਣ ਗਏ ਅਤੇ ਇਹਨਾਂ ਸਹਜਧਾਰੀਆਂ ਨੂੰ ਅੰਮ੍ਰਿਤ ਛਕ ਕੇ ਖਾਲਸਾ ਬਣਨ ਲਈ ਪ੍ਰੇਰਿਆ ਗਿਆ।


ਲੇਖਕ : ਨ.ਗ.ਬ. ਅਤੇ ਨਜ਼.ਸ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18071, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਸਿੰਘ ਸਭਾ ਲਹਿਰ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸਿੰਘ ਸਭਾ ਲਹਿਰ  : ਅੰਗ੍ਰੇਜਾਂ ਦੇ ਆਉਣ ਤੋਂ ਬਾਅਦ ਸਿੱਖ ਜਗਤ ਅੰਦਰ ਜਾਗ੍ਰਿਤੀ ਲੈ ਆਉਣ ਵਿਚ ਸਭ ਤੋਂ ਵਧ ਕੰਮ ਸਿੰਘ ਸਭਾ ਲਹਿਰ ਨੇ ਕੀਤਾ ਹੈ। ਸਿੱਖ ਸਮਾਜ ਵਿਚ ਸ੍ਵਛ ਜੀਵਨ–ਜਾਚ ਤੇ ਨਾਮ ਬਾਣੀ ਨਾਲ ਪ੍ਰੇਮ ਪੈਦਾ ਕਰਨ ਲਈ ਨਿਰੰਕਾਰੀ ਲਹਿਰ ਸਿੱਖ ਰਾਜ ਦੇ ਹੁੰਦੇ ਹੀ ਚਲ ਪਈ ਸੀ ਪਰ ਜਦ ਉਨ੍ਹੀਵੀਂ ਸਦੀ ਈ. ਦੇ ਮੱਧ ਵਿਚ ਪਹੁੰਚ ਕੇ ਸਿੱਖ ਰਾਜ ਦਾ ਅੰਤ ਹੋ ਗਿਆ ਤਾਂ ਇਸ ਨਾਲ ਸਿੱਖਾਂ ਦੇ ਵਕਾਰ ਨੂੰ ਕਰਾਰੀ ਸੱਟ ਲੱਗੀ। ਸਿੱਖ ਜਲਦੀ ਹੀ ਢਹਿੰਦੀਆਂ ਕਲਾਂ ਵਿਚ ਜਾਣ ਲਗ ਪਏ। ਇਸ ਦਾ ਹੋਰ ਧਾਰਮਿਕ ਸੰਸਥਾਵਾਂ ਨੇ ਪੁਰਾ ਲਾਭ ਉਠਾਉਣ ਦਾ ਯਤਨ ਕੀਤਾ। ਈਸਾਈ ਮਿਸ਼ਨਰੀਆਂ ਨੇ ਪਹਿਲੇ ਹੀ ਲੁਧਿਆਣਾ ਵਿਖੇ ਡੇਰਾ ਲਾਇਆ ਹੋਇਆ ਸੀ। ਸਿੱਖ ਰਾਜ ਦੇ ਅੰਤ ਨਾਲ ਉਹ ਦਲੇਰ ਹੋ ਗਏ ਤੇ ਸਾਰੇ ਪੰਜਾਬ ਪੁਰ ਛਾ ਜਾਣ ਦੇ ਆਹਰ ਵਿਚ ਲਗ ਗਏ। ਕੁਝ ਅਮੀਰ ਸਿੱਖ ਘਰਾਣੇ ਉਨ੍ਹਾਂ ਦੇ ਅਸਰ ਹੇਠ ਆ ਵੀ ਗਏ ਭਾਵੇਂ ਆਮ ਸਿੱਖ ਸੰਗਤਾਂ ਉਨ੍ਹਾਂ ਨੂੰ ਚੰਗੀ ਨਜ਼ਰ ਨਾਲ ਨਹੀਂ ਸਨ ਵੇਖਦੀਆਂ। ਇਨ੍ਹਾਂ ਦਿਨਾਂ ਵਿਚ ਹੀ ਬ੍ਰਹਮੋ ਸਮਾਜ ਤੇ ਆਰਯ ਸਮਾਜ ਵੀ ਮੈਦਾਨ ਵਿਚ ਆ ਗਏ। ਕੁਝ ਦੇਰ ਬਾਅਦ ਕਾਦੀਆਨੀ ਵੀ ਇਨ੍ਹਾਂ ਦੇ ਨਾਲ ਆ ਰਲੇ। ਪੰਜਾ ਦੇ ਇਸ ਪੁਨਰ ਜਾਗ੍ਰਤੀ–ਕਾਲ ਵਿਚ ਸਿੰਘ ਸਭਾ ਨੇ ਸਿੱਖਾਂ ਵਿਚ ਜਾਗ੍ਰਤੀ ਪੈਦਾ ਕਰਨ ਦਾ ਉਪਰਾਲਾ ਕੀਤਾ।

          ਪੰਥ ਹਿਤੈਸ਼ੀ ਅੰਮ੍ਰਿਤਸਰ ਵਿਖੇ ਇਕੱਠੇ ਹੋਏ। ਇਸ ਇਕੱਠ ਵਿਚ ਬਹੁਤ ਸਾਰੇ ਸਿੱਖ ਸਰਦਾਰ, ਰਈਸ, ਸਿੱਖ ਵਿਦਵਾਨ ਤੇ ਧਰਮ ਪ੍ਰਚਾਰਕ ਸ਼ਾਮਲ ਹੋਏ। ਇਸ ਇਕਤ੍ਰਤਾ ਦੀ ਪ੍ਰਧਾਨਗੀ ਸ. ਨਾਕਰ ਸਿੰਘ ਸੰਧਾਵਾਲੀਆ ਨੇ ਕੀਤੀ ਅਤੇ ਸਰਬ ਸੰਮਤੀ ਨਾਲ ਹੋਏ ਫੈਸਲੇ ਅਨੁਸਾਰ 1873 ਈ. ਵਿਚ ਅੰਮ੍ਰਿਤਸਰ ਵਿਖੇ ਇਕ ਸਿੰਘ ਸਭਾ ਕਾਇਮ ਕੀਤੀ ਗਈ। ਸਿੰਘ ਸਭਾ ਲਈ ਨਿਮਨ–ਲਿਖਤ ਟੀਚੇ ਵੀ ਮਿੱਥੇ ਗਏ––(1) ਗੁਰਬਾਣੀ ਤੇ ਗੁਰ ਇਤਿਹਾਸ ਦਾ ਪ੍ਰਚਾਰ ਕਰਨਾ, (2) ਗੁਰਮਤਿ ਦੀ ਰਹੁ ਰੀਤ ਨੂੰ ਪ੍ਰਚੱਲਿਤ ਕਰਨਾ ਅਤੇ ਸਿੱਖ ਸਮਾਜ ਨੂੰ ਫਿਰ ਪਹਿਲੇ ਵਾਲੇ ਧਾਰਮਿਕ ਜੀਵਨ ਵਲ ਮੋੜਨਾ, (3) ਗੁਰਦੁਆਰਿਆਂ ਅੰਦਰ ਗੁਰਬਾਣੀ ਦਾ ਕੀਰਤਨ ਕਰਨਾ ਅਤੇ ਕਰਾਉਣਾ, (4) ਸਿੱਖਾਂ ਦੀ ਧਾਰਮਿਕ, ਵਿਦਿਅਕ ਤੇ ਸਮਾਜਕ ਹਾਲਤ ਸੁਧਾਰਨ ਲਈ ਉਪਰਾਲੇ ਸੋਚਣੇ ਅਤੇ ਉਨ੍ਹਾਂ ਨੂੰ ਅਮਲੀ ਜਾਮਾ ਪਹਿਨਾਣਾ, (5) ਗੁਰਮੁਖੀ ਅੱਖਰਾਂ ਰਾਹੀਂ ਪੰਜਾਬੀ ਪੜ੍ਹਾਉਣ ਵਿਚ ਦਿਲਚਸਪੀ ਲੈਣੀ, ਆਦਿ।

          ਇਹ ਆਮ ਨਿਸ਼ਾਨੇ ਸਨ ਅਤੇ ਸਿੰਘ ਸਭਾ ਲਹਿਰ ਥੋੜੇ ਦਿਨਾਂ ਵਿਚ ਕਾਮਯਾਬ ਹੋ ਗਈ। ਸਹਿਜੇ ਹੀ ਗੁਰਮਤਿ ਦਾ ਪ੍ਰਵਾਹ ਜਾਰੀ ਹੋ ਗਿਆ। ਸਿੱਖ ਸਮਾਜ ਵਿਚ ਇਕ ਵੱਡਾ ਮੋੜ ਆਉਂਦਾ ਨਜ਼ਰ ਆਉਣ ਲੱਗਾ। ਸਿੱਖ ਨੌਜਵਾਨਾਂ ਵਿਚ ਪਤਿਤ ਹੋਣ ਦੀ ਰੁਚੀ ਇਕਦਮ ਘੱਟ ਗਈ। ਇਸ ਦੀ ਭਾਰੀ ਸਫ਼ਲਤਾ ਤੋਂ ਪ੍ਰਭਾਵਿਤ ਹੋ ਕੇ 1877 ਈ. ਵਿਚ ਇਕ ਸਿੰਘ ਸਭਾ ਲਾਹੌਰ ਵਿਖੇ ਹੀ ਕਾਇਮ ਹੋ ਗਈ। ਲਾਹੌਰ ਵਿਖੇ ਸਿੰਘ ਸਭਾ ਸਥਾਪਤ ਕਰਨ ਵਿਚ ਓਰੀਐਂਟਲ ਕਾਲਜ, ਲਾਹੌਰ ਵਿਚ ਨਿਯੁਕਤ ਹਿੰਦੀ ਦੇ ਅਧਿਆਪਕ, ਪ੍ਰੋਫ਼ੈਸਰ ਗੁਰਮੁਖ ਸਿੰਘ ਨੇ ਕਾਫ਼ੀ ਕੰਮ ਕੀਤਾ।

          ਧੀਰੇ ਧੀਰੇ ਸਿੰਘ ਭਰਾਵਾਂ ਨੇ ਧਰਮ ਦੇ ਪ੍ਰਚਾਰ ਦੇ ਨਾਲ ਸਿੱਖਾਂ ਅੰਦਰ ਵਿਦਿਆ ਪ੍ਰਚਾਰ ਦਾ ਕੰਮ ਵੀ ਜ਼ਿੰਮੇ ਲੈ ਲਿਆ। ਪੰਜਾਬੀ ਪੜ੍ਹਾਉਣਾ ਤੇ ਪੰਜਾਬੀ ਦਾ ਪ੍ਰਚਾਰ ਕਰਨਾ ਉਨ੍ਹਾਂ ਦੇ ਵਿਦਿਅਕ ਪ੍ਰੋਗਰਾਮ ਦਾ ਜ਼ਰੂਰੀ ਅੰਗ ਸੀ। ਸਿੱਖ ਗੁਰੂਆਂ ਨੂੰ ਸਿੱਖਾਂ ਅੰਦਰ ਜਾਗ੍ਰਤੀ ਲੈ ਆਉਣ ਦਾ ਇਕ ਸੌਖਾ ਰਾਹ ਲਭ ਪਿਆ। ਥਾਂ ਥਾਂ ਸਿੰਘ ਸਭਾਵਾਂ ਕਾਹਿਮ ਹੋਣ ਲਗੀਆਂ। ਵੀਹਵੀਂ ਸਦੀ ਦੇ ਆਰੰਭ ਵਿਚ ਪੰਜਾਬ ਦੇ ਲਗਭਗ ਹਰ ਸ਼ਹਿਰ ਵਿਚ ਇਕ ਸਿੰਘ ਸਭਾ ਸਥਾਪਤ ਹੋ ਚੁੱਕੀ ਸੀ।

          ਸਿੰਘ ਸਭਾ ਲਹਿਰ ਨੇ ਦੋ ਪੱਖਾਂ ਤੋਂ ਵੱਡੀ ਸੇਵਾ ਕੀਤੀ ਹੈ। ਇਕ ਤੇ ਇਸ ਨੇ ਸਿੱਖਾਂ ਨੂੰ ਗ਼ੈਰ ਮੱਤ ਵਾਲਿਆਂ ਦੇ ਨਾਜਾਇਜ਼ ਹਮਲਿਆਂ ਤੋਂ ਬਚਾ ਲਿਆ ਅਤੇ ਦੂਜੇ ਪੰਜਾਬੀ ਮਾਤ ਭਾਸ਼ਾ ਨੂੰ ਪੰਜਾਬ ਵਿਚ ਪੁਨਰ ਸਥਾਪਤ ਕਰਨ ਵਿਚ ਅਹਿਮ ਰੋਲ ਅਦਾ ਕੀਤਾ ਸੀ ਅਤੇ ਇਹ ਉਹ ਸਮਾਂ ਸੀ ਜਦ ਪੰਜਾਬੀ ਕਿੱਸਾਕਾਰੀ ਪੁਰਾਣੇ ਗੀਤ ਗਾ ਗਾ ਕੇ ਹੰਭ ਗਈ ਤਸੱਵੁਫ਼ ਉਂਘਲਾ ਗਿਆ ਸੀ। ਗ਼ੁਲਾਮੀ ਦੇ ਸੰਗਲ ਤਕੜੇ ਪੈ ਜਾਣ ਦੇ ਕਾਰਣ ਵੀਰ ਕਾਵਿ ਚੁੱਪ ਹੋ ਗਿਆ ਸੀ। ਸਿੱਖ ਵਿਦਵਾਨ ਤੇ ਨਿਰਮਲੇ ਸੰਤ ਅਜੇ ਬ੍ਰਜ ਭਾਸ਼ਾ ਦੇ ਲੜ ਹੀ ਲੱਗੇ ਹੋਏ ਸਨ। ਅਜਿਹੀ ਅਧੋਗਤੀ ਦੇ ਸਮੇਂ ਸਿੰਘ ਸਭਾ ਲਹਿਰ ਆੜੇ ਆਈ। ਬ੍ਰਜ ਭਾਸ਼ਾ ਵਿਚ ਲਿਖਣ ਵਾਲੇ ਪੰਜਾਬੀ ਵੱਲ ਆ ਗਏ। ਇਸ ਤਰ੍ਹਾਂ ਪੰਜਾਬੀ ਸਾਹਿੱਤ ਦੀ ਨਵ–ਜਾਗ੍ਰਿਤੀ ਨਾਲ ਹੀ ਉਸ ਉੱਤੇ ਗੁਰਮਤਿ ਦੀ ਛਾਪ ਵੀ ਲੱਗ ਗਈ। ਗੁਰਮਤਿ ਵਿਚਾਰਧਾਰਾ ਤੇ ਸਿੱਖ ਇਤਿਹਾਸ ਸਹਿਜੇ ਹੀ ਪੰਜਾਬੀ ਸਾਹਿੱਤ ਦਾ ਅੰਗ ਬਣ ਗਏ। ਇਹ ਠੀਕ ਉਸੇ ਤਰ੍ਹਾਂ ਹੋਇਆ ਜਿਵੇਂ ਬਾਰ੍ਹਵੀਂ–ਤੇਰਵੀਂ ਸਦੀ ਈ. ਵਿਚ ਅਪਭੰOਸ ਤੋਂ ਵੱਖ ਹੋਣ ਸਮੇਂ ਪੰਜਾਬੀ ਸਾਹਿੱਤ ਵਿਚ ਸ਼ੇਖ ਫ਼ਰੀਦ ਰਾਹੀਂ ਫ਼ਾਰਸੀ ਅਤੇ ਤਸੱਵੁਫ਼ ਦੀ ਚਾਸ਼ਨੀ ਸ਼ਾਮਲ ਹੋ ਗਈ ਸੀ।

          ਸਿੰਘ ਸਭਾ ਲਹਿਰ ਦੇ ਆਸ਼ਿਆਂ ਅਨੁਸਾਰ ਲਿਖਣ ਵਾਲੇ ਪਹਿਲੇ ਲੇਖਕਾਂ ਵਿਚ ਪ੍ਰੋ. ਗੁਰਮੁਖ ਸਿੰਘ, ਗਿਆਨੀ ਦਿੱਤ ਸਿੰਘ, ਭਾਈ ਮੋਹਨ ਸਿੰਘ ਵੈਦ, ਸ. ਚਰਨ ਸਿੰਘ ਸ਼ਹੀਦ, ਭਾਈ ਕਾਨ੍ਹ ਸਿੰਘ ਨਾਭਾ ਅਤੇ ਭਾਈ ਵੀਰ ਸਿੰਘ ਸ਼ਾਮਲ ਹਨ। ਸਿੰਘ ਸਭਾ ਲਹਿਰ ਦੇ ਸਭ ਤੋਂ ਵੱਡੇ ਲੇਖਕ ਭਾਈ ਵੀਰ ਸਿੰਘ ਹਨ। ਆਪ ਦੀ ਕਵਿਤਾ ਗੁਰਮਤਿ ਤੋਂ ਪ੍ਰਭਾਵਿਤ ਹੈ, ਆਪ ਦੇ ਨਾਵਲ ਸਿੱਖ ਇਤਿਹਾਸ ਦਾ ਸੁੰਦਰ ਢੰਗ ਨਾਲ ਵਰਣਨ ਕਰਦੇ ਹਨ ਅਤੇ ‘ਚਮਤਕਾਰ’ ਗੁਰ–ਇਤਿਹਾਸ ਤੇ ਗੁਰ–ਜੀਵਨ ਦੀ ਵਿਆਖਿਆ ਕਰਦੇ ਹਨ। ਆਪ ਦੀ ਕਵਿਤਾ ਦਾ ਚੋਖਾ ਹਿੱਸਾ ਦੇਸ਼ ਭਗਤੀ ਦੇ ਜਜ਼ਬੇ ਦਾ ਲਖਾਇਕ ਵੀ ਹੈ। ਇਸ ਤਰ੍ਹਾਂ ਭਾਈ ਵੀਰ ਸਿੰਘ ਆਧੁਨਿਕ ਯੁੱਗ ਵਿਚ ਉਸਾਰੇ ਪੰਜਾਬੀ ਸਾਹਿੱਤ ਦੇ ਪਹਿਲੇ ਤੇ ਮਹਾਨ ਉਸਰੀਏ ਹਨ। ਇਹ ਸਾਰੀ ਦਾਤ ਸਿੰਘ ਸਭਾ ਲਿਹਰ ਦੀ ਹੀ ਕਹਿਣੀ ਚਾਹੀਦੀ ਹੈ।

          [ਸਹਾ. ਗ੍ਰੰਥ––ਡਾ.ਗੰਡਾ ਸਿਘ : ‘ਪੰਜਾਬ’, : ਸ਼ਮਸ਼ੇਰ ਸਿੰਘ ਅਸ਼ੋਕ : ‘ਪੰਜਾਬ ਦੀਆਂ ਲਹਿਰਾਂ’; Dr. G.S. Chhabra : Advanced History of India]       


ਲੇਖਕ : ਪ੍ਰਿੰ. ਗੁਰਦਿਤ ਸਿੰਘ ਪ੍ਰੇਮੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 14641, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-07, ਹਵਾਲੇ/ਟਿੱਪਣੀਆਂ: no

ਸਿੰਘ ਸਭਾ ਲਹਿਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ

ਸਿੰਘ ਸਭਾ ਲਹਿਰ : ਸਿੱਖ ਰਾਜ ਦੇ ਅੰਤਲੇ ਸਮੇਂ ਅਤੇ ਸਿੱਖ ਰਾਜ ਦੇ ਖੁੱਸ ਜਾਣ ਪਿੱਛੋਂ ਸਿੱਖਾਂ ਵਿਚ ਧਰਮ ਪ੍ਰਚਾਰ ਖ਼ਤਮ ਹੋ ਗਿਆ। ਸਿੱਖੀ ਰਹਿਤ ਤੇ ਗੁਰਬਾਣੀ ਦਾ ਅਧਿਐਨ ਲਗ ਭਗ ਖ਼ਤਮ ਸੀ ਤੇ ਸਿਖ ਨਾਮ ਮਾਤਰ ਸਿਖ ਹੀ ਰਹਿ ਗਏ ਸਨ। ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਤੇ ਹੋ ਵੱਡੇ ਵੱਡੇ ਗੁਰਦਵਾਰ ਸਰਕਾਰ ਅੰਗ੍ਰੇਜ਼ੀ ਦੇ ਪ੍ਰਬੰਧ ਵਿਚ ਚਲੇ ਗਏ ਸਨ। ਈਸਾਈ ਧਰਮ ਦਾ ਪ੍ਰਚਾਰ ਤੇਜ਼ ਹੋ ਗਿਆ ਸੀ ਅਤੇ ਸਿੱਖਾਂ ਉੱਤੇ ਬ੍ਰਾਹਮਣ-ਮਤ ਦਾ ਅਸਰ ਪ੍ਰਬਲ ਹੋ ਗਿਆ ਸੀ। ਆਰੀਆ ਸਮਾਜੀ ਸਿੱਖੀ ਵਿਰੁੱਧ ਗਲਤ ਪ੍ਰਚਾਰ ਕਰਨ ਲੱਗ ਪਏ ਤੇ ਸਿੱਖਾਂ ਵਿਚ ਖ਼ਾਲਸੇ ਦਾ ਨਵੇਕਲਾਪਨ ਨਾ ਰਿਹਾ। ਸਿੱਖੀ-ਧਰਮ ਤੇ ਸਿੱਖ-ਰਹੁਰੀਤ ਨੂੰ ਮੁੜ ਸੁਰਜੀਤ ਕਰਨ ਦੇ ਖਿਆਲ ਨਾਲ ਸੰਮਤ ਨਾਨਕ ਸ਼ਾਹੀ 404, ਅਸੂ ਸੁਦੀ 10 ਨੂੰ ਸਭ ਸਿੱਖ ਸ਼੍ਰੇਣੀਆਂ ਦਾ ਇਕੱਠ ਸ੍ਰ. ਠਾਕੁਰ ਸਿੰਘ ਸੰਧਾਵਾਲੀਆ ਦੀ ਪ੍ਰਧਾਨਗੀ ਹੇਠ ਅੰਮ੍ਰਿਤਸਰ ਵਿਖੇ ਹੋਇਆ। ਉਸ ਦਿਨ ਕਾਇਮ ਹੋਈ ਜਥੇਬੰਦੀ ਦਾ ਨਾਂ ‘ਸ੍ਰੀ ਗੁਰੂ ਸਿੰਘ ਸਭਾ’ ਰਖਿਆ ਗਿਆ। ਇਸ ਦਾ ਉਦੇਸ਼ ਸਿੱਖਾਂ ਵਿਚ ਧਰਮ ਤੇ ਵਿਦਿਆ ਦਾ ਪ੍ਰਚਾਰ ਕਰਨਾ, ਗੁਰਮੁਖੀ (ਪੰਜਾਬੀ) ਨੂੰ ਉੱਨਤ ਕਰਨਾ ਤੇ ਸਰਕਾਰ ਅੰਗ੍ਰੇਜ਼ੀ ਨਾਲ ਮਿਲਵਰਤਨ ਰੱਖ ਕੇ ਕੌਮੀ ਉਨਤੀ ਕਰਨਾ ਸੀ।

          ਸਿੰਘ ਸਭਾ ਦੀ ਅੰਮ੍ਰਿਤਸਰ ਵਿਖੇ ਮੰਜੀ ਸਾਹਿਬ ਦੇ ਸਥਾਨ ਤੇ ਇਕੱਤਰਤਾ ਹੁੰਦੀ ਸੀ। ਜਾਗ੍ਰਤੀ ਤੇ ਉਸਾਰੂ ਪ੍ਰੋਗਰਾਮ ਵਾਲੀ ਸਿੰਘ ਸਭਾ ਲਹਿਰ ਦੇ ਪ੍ਰਸਾਰ ਨਾਲ ਸਿੱਖਾਂ ਵਿਚ ਜਾਗ੍ਰਤੀ ਆਉਣ ਲਗ ਪਈ। 1877 ਈ. ਵਿਚ ਓਰੀਐਂਟਲ ਕਾਲਜ, ਲਾਹੌਰ ਵਿਚ ਪੰਜਾਬੀ ਪੜ੍ਹਾਉਣ ਦਾ ਕੰਮ ਜਾਰੀ ਕੀਤਾ ਗਿਆ। ਭਾਈ ਗੁਰਮੁਖ ਸਿੰਘ (1849-98) ਪੰਜਾਬੀ ਦੇ ਪਹਿਲੇ ਪ੍ਰੋਫੈਸਰ ਨਿਯਤ ਹੋਏ। ਉਨ੍ਹਾਂ ਨੇ 1879 ਈ. ਨੂੰ ਲਾਹੌਰ ਵਿਚ ਸਿੰਘ ਸਭਾ ਕਾਇਮ ਕੀਤੀ। ਫਿਰ ਥਾਂ ਥਾਂ ਸਿੰਘ ਸਭਾਵਾਂ ਕਾਇਮ ਹੋਣ ਲਗ ਪਈਆਂ। 10 ਨਵੰਬਰ, 1880 ਤੋਂ ਹਫਤਾ ਵਾਰੀ ‘ਗੁਰਮੁਖੀ’ ਅਖ਼ਬਾਰੀ ਜਾਰੀ ਕੀਤਾ ਗਿਆ। 1881 ਵਿਚ ‘ਵਿਦਿਆਰਕ’ ਮਾਹਵਾਰੀ ਰਸਾਲਾ ਜਾਰੀ ਹੋਇਆ। ਬਹੁਤ ਸਾਰੀਆਂ ਸਿੰਘ ਸਭਾਵਾਂ ਨੂੰ ਇਕ ਕੇਂਦਰੀ ਜਥੇਬੰਦੀ ਨਾਲ ਸਬੰਧਤ ਕਰਨ ਲਈ 1883 ਈ. ਵਿਚ ‘ਖਾਲਸਾ ਦੀਵਾਨ’ ਕਾਇਮ ਹੋਇਆ। ਅੰਮ੍ਰਿਤਸਰ ਵਿਚ ਚੀਫ਼ ਖ਼ਾਲਸਾ ਦੀਵਾਨ ਬਣਿਆ ਜੋ ਹੁਣ ਤਕ ਪੰਥ ਦੀ ਸੇਵਾ ਕਰ ਰਿਹਾ ਹੈ। 19 ਜਨਵਰੀ, 1908 ਈ. ਨੂੰ ਵਿਦਿਆ ਦੇ ਪ੍ਰਚਾਰ ਲਈ ਚੀਫ਼ ਖ਼ਾਲਸਾ ਦੀਵਾਨ ਦੇ ਅਧੀਨ ਸਿਖ ਐਜੂਕੇਸ਼ਨਲ ਕਮੇਟੀ ਦੀ ਨੀਂਹ ਰੱਖੀ ਗਈ ਤੇ ਪਹਿਲੀ ਸਿਖ ਐਜੂਕੇਸ਼ਨਲ ਕਾਨਫ਼ਰੰਸ ਗੁਜਰਾਂਵਾਲੇ ਹੋਏ। 22 ਅਕਤੂਬਰ, 1909 ਈ. ਨੂੰ ਅਨੰਦ ਮੈਰਿਜ ਐਕਟ ਪਾਸ ਹੋਇਆ। 1909 ਈ. ਵਿਚ ਮਿ. ਮੈਕਾਲਿਫ ਨੇ ਅੰਗ੍ਰੇਜ਼ੀ ਵਿਚ ‘ਸਿਖ ਰਿਲੀਜਨ’ ਨਾਂ ਦੀ ਪੁਸਤਕ ਇਤਿਹਾਸ ਤੇ ਗੁਰਬਾਦੀ ਦੇ ਵਿਸ਼ੇ ਤੇ ਪ੍ਰਕਾਸ਼ਤ ਕੀਤੀ। 25 ਜੂਨ 1914 ਤੋਂ ਪੰਜਾਬ ਵਿਚ ਸਿੱਖਾਂ ਲਈ ਕ੍ਰਿਪਾਨ ਦੀ ਖੁਲ੍ਹ ਹੋਈ ਤੇ 11 ਮਈ, 1917 ਈ. ਨੂੰ ਸਾਰੇ ਹਿੰਦੁਸਤਾਨ ਵਿਚ ਕ੍ਰਿਪਾਨ ਰੱਖਣ ਦੀ ਆਜ਼ਾਦੀ ਸਿੰਘਾਂ ਨੂੰ ਮਿਲ ਗਈ। ਇਹ ਸਭ ਕੁਝ ਸਿੰਘ ਸਭਾ ਲਹਿਰ ਦੇ ਪ੍ਰਚਾਰ ਦੇ ਸਦਕੇ ਹੋਇਆ। ਹਰ ਜ਼ਿਲ੍ਹੇ ਵਿਚ ਇਕ ਖਾਲਸਾ ਸਕੂਲ ਸਥਾਪਿਤ ਹੋਇਆ। ਫ਼ੀਰੋਜ਼ਪੁਰ, ਕੈਰੋਂ ਤੇ ਭਸੌੜ ਵਿਚ ਲੜਕੀਆਂ ਦੇ ਸਕੂਲ ਕਾਇਮ ਹੋਏ। ਚੀਫ਼ ਖਾਲਸਾ ਦੀਵਾਨ ਤੋਂ ਇਲਾਵਾ ਪੰਚ ਖਾਲਸਾ ਦੀਵਾਨ ਤੇ ਹੋਰ ਕਈ ਦੀਵਾਨ ਸਿੱਖੀ ਪ੍ਰਚਾਰ ਦਾ ਕੰਮ ਕਰਨ ਲਗ ਪਏ। ਪੰਚ ਖਾਲਸਾ ਦੀਵਾਨ ਦਾ ਅਸਰ ਬਹੁਤ ਵੱਧ ਗਿਆ ਪਰ ਬਾਬੂ ਤੇਜਾ ਸਿੰਘ ਦੀਆਂ ਗਲਤੀਆਂ ਦੇ ਕਾਰਨ ਇਹ ਦੀਵਾਨ ਖ਼ਤਮ ਹੀ ਹੋ ਗਿਆ। ਉਸ ਵੇਲੇ ਪੰਥ ਵਿਚ ਸਿਖਾਂ ਦੇ ਚਲ ਰਹੇ ਅਖ਼ਬਾਰਾਂ ਵਿਚ––ਖਾਲਸਾ ਅਖ਼ਬਾਰ (ਲਾਹੋਰ), ਖਾਲਸਾ ਸਮਾਚਾਰ (ਅੰਮ੍ਰਿਤਸਰ), ਪੰਜਾਬੀ ਭੈਣ (ਫ਼ੀਰੋਜ਼ਪੁਰ), ਖਾਲਸਾ ਧਰਮ ਦੀਪਕ (ਬਟਾਲਾ), ਪੰਜਾਬੀ (ਲੁਧਿਆਣਾ), ਖਾਲਸਾ ਸੇਵਕ (ਅੰਮ੍ਰਿਤਸਰ) ਅਤੇ ਲਾਇਲ (ਉਰਦੂ), (ਲਾਹੋਰ), ਜੋ ਪਿਛੋਂ ‘ਸ਼ੇਰੇ ਪੰਜਾਬ’ ਦੇ ਨਾਂ ਹੇਠਾਂ ਚਲਦਾ ਰਿਹਾ, ਆਦਿ–ਸ਼ਾਮਲ ਸਨ।

          ਸਿੰਘ ਸਭਾ ਲਹਿਰ ਦਾ ਜ਼ੋਰ 1873 ਈ. ਤੋਂ ਲੈਕੇ 1918 ਈ. ਤਕ 45 ਵਰ੍ਹੇ ਰਿਹਾ। 1919 ਤੋਂ ਰੋਲਟ ਐਕਟ ਅਤੇ ਜਲ੍ਹਿਆਂ ਵਾਲੇ ਬਾਗ਼ ਦੇ ਸਾਰਕੇ ਦੇ ਕਾਰਣ ਹਾਲਾਤ ਬਦਲ ਗਏ। 1920 ਈ. ਵਿਚ ਅਕਾਲੀ ਲਹਿਰ ਸ਼ੁਰੂ ਹੋਣ ਕਾਰਨ ਵੀ ਇਹ ਲਹਿਰ ਮੱਧਮ ਹੋ ਗਈ। ਸਿੰਘ ਸਭਾ ਲਹਿਰ ਦੇ ਪ੍ਰਚਾਰ ਨੇ ਕੈਨੇਡਾ ਤੇ ਅਮਰੀਕਾ ਵਿਚ ਸਿੱਖੀ ਸ਼ਾਨ ਨੂੰ ਚਮਕਾਇਆ। ਸ਼ੰਘਾਈ ਤੇ ਹੋਰ ਟਾਪੂਆਂ, ਬਰਮ੍ਹਾ, ਵੈਨਕੋਵਰ ਤੇ ਸਟਾਕਟਨ ਵਿਚ ਗੁਰਦਵਾਰੇ ਤੇ ਖਾਲਸਾ ਦੀਵਾਨ ਕਾਇਮ ਹੋਏ। ਲੰਡਨ ਵਿਚ ਮਹਾਰਾਜਾ ਭੂਪਿੰਦਰ ਸਿੰਘ (ਪਟਿਆਲਾ) ਨੇ ਖਾਲਸਾ ਧਰਮਸ਼ਾਲਾ ਕਾਇਮ ਕੀਤੀ ਅਤੇ ਆਪਣੀ ਰਿਆਸਤ ਦੇ ਸਰਕਾਰੀ ਦਫ਼ਤਰਾਂ ਵਿਚ ਪੰਜਾਬੀ ਲਾਗੂ ਕੀਤੀ। ਪਰ ਇਸ ਲਹਿਰ ਦੇ ਅੰਤ ਵਿਚ ਸਿਟੇ ਚੰਗੇ ਨਾ ਨਿਕਲੇ। ਧੜੇਬੰਦੀ ਨੇ ਸਿੱਖੀ ਪ੍ਰਚਾਰ ਨੂੰ ਬਹੁਤ ਧੱਕਾ ਲਾਇਆ। ਸਿੰਘ ਸਭਾ ਲਹਿਰ, ਸਿੱਖੀ ਪ੍ਰੇਮ, ਤਿਆਗ ਤੇ ਸੇਵਾ ਭਾਵ ਦੀ ਲਹਿਰ ਸੀ। ਸਰਦਾਰ ਸੁੰਦਰ ਸਿੰਘ ਮਜੀਠੀਆ, ਭਾਈ ਵੀਰ ਸਿੰਘ, ਆਦਿ ਸਜਣਾਂ ਨੇ ਵੀ ਇਸ ਲਹਿਰ ਵਿਚ ਬਹੁਤ ਯੋਗਦਾਨ ਪਾਇਆ।

          ਸਿੰਘ ਸਭਾ ਲਹਿਰ ਨੇ ਹਰੀਜਨਾਂ ਤੇ ਮੁਸਲਮਾਨਾਂ ਨੂੰ ਵੀ ਅੰਮ੍ਰਿਤ ਛਕਾ ਕੇ ਸਿੰਘ ਸਜਾਉਣ ਦਾ ਕੰਮ ਅਰੰਭਿਆ ਤੇ 14 ਜੂਨ 1903 ਈ. ਨੂੰ ਬਕਾਪੁਰ ਜ਼ਿਲ੍ਹਾ ਜਲੰਧਰ ਵਿਚ ਮੌਲਵੀ ਕਰੀਮਬਖਸ਼ ਨੂੰ ਪਰਿਵਾਰ ਸਮੇਤ ਸਿੰਘ ਸਜਾਇਆ ਗਿਆ ਤੇ ਉਸਦਾ ਨਾਮ ਲਖਬੀਰ ਸਿੰਘ ਰਖਿਆ ਗਿਆ। ਸਿੰਘ ਸਭਾ ਲਹਿਰ ਦੇ ਪ੍ਰਚਾਰ ਨਾਲ ਹੀ ਗੁਰਦਵਾਰਿਆਂ ਦੇ ਸੁਧਾਰ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਦੀ ਗੁਰਦਵਾਰਾ ਪ੍ਰਬੰਧਕ ਕਮੇਟੀ ਹੋਂਦ ਵਿਚ ਆਏ ਜੋ ਕਿ ਹੁਣ ਪੰਥ ਦੇ ਧਾਰਮਿਕ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੋਹੜਾ ਨੇ ਸ਼੍ਰੋਮਣੀ ਕਮੇਟੀ ਦੇ ਸਮਾਗਮ ਵਿਚ ਆਪਣੇ ਵਿਚਾਰ ‘ਸਰਬ ਹਿੰਦ ਸ੍ਰੀ ਗੁਰੂ ਸਿੰਘ ਸਭਾ ਸ਼ਤਾਬਦੀ ਕਮੇਟੀ’ ਦੀ ਸਥਾਪਨਾ ਸਬੰਧੀ ਰਖੇ ਜਿਨ੍ਹਾਂ ਨੂੰ ਸਰਬ ਸੰਮਤੀ ਦੁਆਰਾ ਪ੍ਰਵਾਨਗੀ ਪ੍ਰਾਪਤ ਹੋਈ। ਇਸ ਤਰ੍ਹਾਂ ‘ਸਰਬ ਹਿੰਦ ਸ੍ਰੀ ਗੁਰੂ ਸਿੰਘ ਸਭਾ ਸ਼ਤਾਬਦੀ ਕਮੇਟੀ’ ਦੀ ਸਥਾਪਨਾ ਹੋਈ।

          ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਨੇ ਇਸ ਸ਼ਤਾਬਦੀ ਕਮੇਟੀ ਦੇ ਪ੍ਰਧਾਨ ਸਰਦਾਰ ਹੁਕਮ ਸਿੰਘ ਜੀ ਸਾਬਕਾ ਗਵਰਨਰ ਰਾਜਿਸਥਾਨ ਤੇ ਸਾਬਕਾ ਸਪੀਕਰ ਲੋਕ ਸਭਾ ਨੂੰ ਥਾਪਕੇ ਪੰਥ ਲਈ ਦੀਰਘ ਦ੍ਰਿਸ਼ਟੀ ਭਰਿਆ ਕਦਮ ਚੁਕਿੱਆ ਹੈ। ਦੂਸਰਾ ਸ਼ੁਭ ਕੰਮ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਵਾਲੇ ਫੰਡ ਵਿਚੋਂ ਇਕ ਲੱਖ ਰੁਪਏ ਦੀ ਰਕਮ ‘ਸਰਬ ਹਿੰਦ ਸ੍ਰੀ ਗੁਰੂ ਸਿੰਘ ਸਭਾ ਸ਼ਤਾਬਦੀ ਕਮੇਟੀ’ ਨੂੰ ਸਿੱਖ ਬੱਚਿਆਂ, ਸਿਖ ਨੌਜਵਾਨਾਂ ਤੇ ਆਮ ਸਮੂੰਹ ਸੰਗਤਾਂ ਵਿਚ ਠੋਸ ਗੁਰਮਤਿ ਪ੍ਰਚਾਰ ਲਈ ਭੇਟਾ ਕੀਤਾ ਤੇ ਇਸ ਤੋਂ ਇਲਾਵਾ ਨੌ ਲੱਖ ਰੁਪਏ ਹੋਰ ਇਕੱਠੇ ਕਰਕੇ ਦੇਣ ਦਾ ਉਤਸ਼ਾਹ ਤੇ ਭਰੋਸਾ ਦਿਵਾਇਆ।

          ਇਸ ਸਿੰਘ ਸਭਾ ਸ਼ਤਾਬਦੀ ਕਮੇਟੀ ਦੇ ਦੂਜੇ 47 ਮੈਂਬਰ ਵੀ ਬਹੁਤ ਗੁਰਮੁਖ, ਸੂਝਵਾਨ, ਵਿਦਵਾਨ ਤੇ ਪੰਥ ਦਰਦੀ ਹੀ ਚੁਣੇ ਗਏ ਜਿਵੇਂ ਕਿ ਸੰਤ ਗੁਰਮੁਖ ਸਿੰਘ ਜੀ ਪਟਿਆਲਾ, ਭਾਈ ਸਾਹਿਬ ਭਾਈ ਅਰਦਮਨ ਸਿੰਘ ਜੀ ਬਾਗੜੀਆਂ, ਸਿੰਘ ਸਾਹਿਬ ਗਿਆਨੀ ਸਾਧੂ ਸਿੰਘ ਜੀ, ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ, ਸਰਦਾਰ ਉੱਜਲ ਸਿੰਘ ਜੀ ਸਾਬਕਾ ਗਵਰਨਰ ਮਦਰਾਸ, ਪ੍ਰਿੰਸੀਪਲ ਸਤਿਬੀਰ ਸਿੰਘ ਜੀ। ਇਨ੍ਹਾਂ ਤੋਂ ਇਲਾਵਾ ਡਾਕਟਰ ਰਜਿੰਦਰ ਕੌਰ ਸਪੁਤਰੀ ਪੰਥ ਰਤਨ ਮਾਸਟਰ ਤਾਰਾ ਸਿੰਘ ਜੀ ਅਤੇ ਜਨਰਲ ਸਕੱਤਰ ਸ਼੍ਰੀਮਾਨ ਗਿਆਨੀ ਗੁਰਦਿਤ ਸਿੰਘ ਜੀ ਨੀਯਤ ਕੀਤੇ ਗਏ। ਇਸ ਕਮੇਟੀ ਨੇ ਪੰਥ ਵਿਚ ਸਿੱਖ ਰਹਿਤ ਮਰਿਆਦਾ ਸਬੰਧੀ ਪ੍ਰਚਾਰ ਨੂੰ ਕਾਫ਼ੀ ਉਤਸ਼ਾਹ ਦਿਤਾ ਹੈ ਅਤੇ ਕਈ ਸਮਾਗਮ ਕੀਤੇ ਹਨ ਜਿਨ੍ਹਾਂ ਵਿਚ ਪੰਥ ਦੇ ਵਿਦਵਾਨਾਂ ਅਤੇ ਖੋਜੀਆਂ ਨੂੰ ਸੱਦ ਕੇ ਸਿੱਖ ਧਰਮ ਸਬੰਧੀ ਗੋਸ਼ਟੀਆਂ ਕੀਤੀਆਂ ਗਈਆਂ। ਸਿੱਖ ਨੌਜਵਾਨ ਗੁਰਮਤਿ ਗਿਆਨ ਵਜੋਂ ਅਣਜਾਣ ਰਹਿਣ ਕਰਕੇ ਅਸ਼ਰਧਕ ਤੇ ਨਾਸਤਕ ਹੋਣੇ ਸ਼ੁਰੂ ਹੋ ਗਏ। ਇਸ ਤਰ੍ਹਾਂ ਪੰਥ ਨੂੰ ਹਰ ਪਾਸਿਓਂ ਨਿਰਾਸ਼ਾ, ਨਾਸਤਕਤਾ ਅਤੇ ਪਤਿਤਪੁਣੇ ਦੀ ਹਾਨੀਕਾਰਕ ਢਾਹ ਲਗਣੀ ਸ਼ੁਰੂ ਹੋ ਗਈ। ਇਸ ਢਾਹ ਨੂੰ ਥੰਮਨ ਲਈ ਸ਼੍ਰੀ ਗੁਰੂ ਸਿੰਘ ਸਭਾ ਸ਼ਤਾਬਦੀ ਕਮੇਟੀ ਕਾਇਮ ਹੋਈ ਜਿਸ ਨੂੰ ਆਪਣੇ ਮਿਸ਼ਨ ਵਿਚ ਕਾਫ਼ੀ ਹੱਦ ਤਕ ਸਫ਼ਲਤਾ ਪ੍ਰਾਪਤ ਹੋ ਰਹੀ ਹੈ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 14634, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-12-14, ਹਵਾਲੇ/ਟਿੱਪਣੀਆਂ: no

ਸਿੰਘ ਸਭਾ ਲਹਿਰ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

 ਸਿੰਘ ਸਭਾ ਲਹਿਰ :  ਸਿੱਖ ਰਾਜ ਦੇ ਅੰਤਲੇ ਸਮੇਂ ਅਤੇ ਸਿੱਖ ਰਾਜ ਦੇ ਖੁੱਸ ਜਾਣ ਪਿੱਛੋਂ ਸਿੱਖਾਂ ਵਿਚ ਧਰਮ ਪ੍ਰਚਾਰ ਖ਼ਤਮ ਹੋ ਗਿਆ। ਸਿੱਖੀ ਰਹਿਤ ਤੇ ਗੁਰਬਾਣੀ ਦਾ ਅਧਿਐਨ ਲਗਭਗ ਖ਼ਤਮ ਸੀ ਤੇ ਸਿੱਖ ਨਾਮ ਮਾਤਰ ਸਿੱਖ ਹੀ ਰਹਿ ਗਏ ਸਨ। ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹੋਰ ਵੱਡੇ ਵੱਡੇ ਗੁਰਦੁਆਰੇ ਅੰਗਰੇਜ਼ੀ ਸਰਕਾਰ ਦੇ ਪ੍ਰਬੰਧ ਵਿਚ ਚਲੇ ਗਏ ਸਨ। ਈਸਾਈ ਧਰਮ ਦਾ ਪ੍ਰਚਾਰ ਤੇਜ਼ ਹੋ ਗਿਆ ਸੀ ਅਤੇ ਸਿੱਖਾਂ ਉੱਤੇ ਬ੍ਰਾਹਮਣ-ਮਤ ਦਾ ਅਸਰ ਪ੍ਰਬਲ ਹੋ ਗਿਆ ਸੀ। ਆਰੀਆ ਸਮਾਜੀ, ਸਿੱਖੀ ਵਿਰੁੱਧ ਗ਼ਲਤ ਪ੍ਰਚਾਰ ਕਰਨ ਲੱਗ ਪਏ ਤੇ ਸਿੱਖਾਂ ਵਿਚ ਖ਼ਾਲਸੇ ਦਾ ਨਵੇਕਲਾਪਨ ਨਾ ਰਿਹਾ। ਸਿੱਖ-ਧਰਮ ਤੇ ਸਿੱਖ-ਰਹੁਰੀਤ ਨੂੰ ਮੁੜ ਸੁਰਜੀਤ ਕਰਨ ਦੇ ਖ਼ਿਆਲ ਨਾਲ ਸੰਮਤ ਨਾਨਕ ਸ਼ਾਹੀ 404, ਅਸੂ ਸੁਦੀ। (ਸੰਨ 1872) ਨੂੰ ਸਭ ਸਿੱਖ ਸ਼੍ਰੇਣੀਆਂ ਦਾ ਇਕੱਠ ਸ. ਠਾਕੁਰ ਸਿੰਘ ਸੰਧਾਵਾਲੀਆ ਦੀ ਪ੍ਰਧਾਨਗੀ ਹੇਠ ਅੰਮ੍ਰਿਤਸਰ ਵਿਖੇ ਹੋਇਆ।

        ਉਸ ਦਿਨ ਕਾਇਮ ਹੋਈ ਜਥੇਬੰਦੀ ਦਾ ਨਾਂ 'ਸ੍ਰੀ ਗੁਰੂ ਸਿੰਘ ਸਭਾ' ਰਖਿਆ ਗਿਆ। ਇਸ ਦਾ ਉਦੇਸ਼ ਸਿੱਖਾਂ ਵਿਚ ਧਰਮ ਤੇ ਵਿਦਿਆ ਦਾ ਪ੍ਰਚਾਰ ਕਰਨਾ, ਗੁਰਮੁਖੀ (ਪੰਜਾਬੀ) ਨੂੰ ਉੱਨਤ ਕਰਨਾ ਤੇ ਅੰਗਰੇਜ਼ੀ ਸਰਕਾਰ ਨਾਲ ਮਿਲਵਰਤਨ ਰੱਖ ਕੇ ਕੌਮੀ ਉੱਨਤੀ ਕਰਨਾ ਸੀ। ਭਾਈ ਗੁਰਮੁਖ ਸਿੰਘ (1849-98) ਪੰਜਾਬੀ ਦੇ ਪਹਿਲੇ ਪ੍ਰੋਫ਼ੈਸਰ ਨਿਯੁਕਤ ਹੋਏ। ਉਨ੍ਹਾਂ ਨੇ 1879 ਈ. ਨੂੰ ਲਾਹੌਰ ਵਿਚ ਸਿੰਘ ਸਭਾ ਕਾਇਮ ਕੀਤੀ। ਫਿਰ ਥਾਂ ਥਾਂ ਸਿੰਘ ਸਭਾਵਾਂ ਕਾਇਮ ਹੋਣ ਲਗ ਪਈਆਂ। 10 ਨਵੰਬਰ, 1880 ਤੋਂ ਹਫ਼ਤਾਵਾਰੀ ਗੁਰਮੁਖੀ ਅਖ਼ਬਾਰ ਜਾਰੀ ਕੀਤਾ ਗਿਆ। ਸੰਨ 1881 ਵਿਚ 'ਵਿਦਿਆਰਕ' ਮਾਹਵਾਰੀ ਰਸਾਲਾ ਜਾਰੀ ਹੋਇਆ। ਬਹੁਤ ਸਾਰੀਆਂ ਸਿੰਘ ਸਭਾਵਾਂ ਨੂੰ ਇਕ ਕੇਂਦਰੀ ਜਥੇਬੰਦੀ ਨਾਲ ਸਬੰਧਤ ਕਰਨ ਲਈ 1883 ਈ. ਨੂੰ ਅੰਮ੍ਰਿਤਸਰ ਵਿਚ ਚੀਫ਼ ਖਾਲਸਾ ਦੀਵਾਨ ਬਣਿਆ ਜੋ ਹੁਣ ਤਕ ਪੰਥ ਦੀ ਸੇਵਾ ਕਰ ਰਿਹਾ ਹੈ। 19 ਜਨਵਰੀ, 1908 ਨੂੰ ਵਿਦਿਆ ਦੇ ਪ੍ਰਚਾਰ ਲਈ ਚੀਫ਼ ਖ਼ਾਲਸਾ ਦੀਵਾਨ ਅਧੀਨ ਸਿੱਖ ਐਜੂਕੇਸ਼ਨਲ ਕਾਨਫ਼ਰੰਸ ਗੁਜਰਾਂਵਾਲਾ ਵਿਖੇ ਹੋਈ। 22 ਅਕਤੂਬਰ, 1909 ਈ. ਨੂੰ ਅਨੰਦ ਮੈਰਿਜ ਐਕਟ ਪਾਸ ਹੋਇਆ। ਸੰਨ 1909 ਵਿਚ ਮਿ. ਮੈਕਾਲਿਫ਼ ਨੇ ਅੰਗਰੇਜ਼ੀ ਵਿਚ 'ਸਿੱਖ ਰਿਲੀਜ਼ਨ' ਨਾਂ ਦੀ ਪੁਸਤਕ ਇਤਿਹਾਸ ਤੇ ਗੁਰਬਾਣੀ ਦੇ ਵਿਸ਼ੇ ਤੇ ਪ੍ਰਕਾਸ਼ਿਤ ਕੀਤੀ। 25 ਜੂਨ, 1914 ਤੋਂ ਪੰਜਾਬ ਵਿਚ ਸਿੱਖਾਂ ਲਈ ਕ੍ਰਿਪਾਨ ਰੱਖਣ ਦੀ ਖੁਲ੍ਹ ਹੋਈ ਤੇ 11 ਮਈ, 1917 ਨੂੰ ਸਾਰੇ ਹਿੰਦੁਸਤਾਨ ਵਿਚ ਕ੍ਰਿਪਾਨ ਰੱਖਣ ਦੀ ਆਜ਼ਾਦੀ ਸਿੰਘਾਂ ਨੂੰ ਮਿਲ ਗਈ। ਇਹ ਸਭ ਕੁਝ ਸਿੰਘ ਸਭਾ ਲਹਿਰ ਦੇ ਪ੍ਰਚਾਰ ਸਦਕੇ ਹੋਇਆ। ਹਰ ਜਿਲ੍ਹੇ ਵਿਚ ਇਕ ਖ਼ਾਲਸਾ ਸਕੂਲ ਸਥਾਪਤ ਹੋਇਆ। ਫਿਰੋਜ਼ਪੁਰ, ਕੈਰੋਂ ਤੇ ਭਸੌੜ ਵਿਚ ਲੜਕੀਆਂ ਦੇ ਸਕੂਲ ਕਾਇਮ ਹੋਏ। ਚੀਫ਼ ਖ਼ਾਲਸਾ ਦੀਵਾਨ ਤੋਂ ਇਲਾਵਾ ਪੰਚ ਖ਼ਾਲਸਾ ਦੀਵਾਨ ਤੇ ਹੋਰ ਕਈ ਦੀਵਾਨ ਸਿੱਖੀ ਪ੍ਰਚਾਰ ਦਾ ਕੰਮ ਕਰਨ ਲਗ ਪਏ। ਪੰਚ ਖ਼ਾਲਸਾ ਦੀਵਾਨ ਦਾ ਅਸਰ ਬਹੁਤ ਵਧ ਗਿਆ ਪਰ ਬਾਬੂ ਤੇਜਾ ਸਿੰਘ ਦੀਆਂ ਗ਼ਲਤੀਆਂ ਦੇ ਕਾਰਨ ਇਹ ਦੀਵਾਨ ਖ਼ਤਮ ਹੀ ਹੋ ਗਿਆ। ਉਸ ਵੇਲੇ ਪੰਜਾਬ ਵਿਚ ਸਿੱਖਾਂ ਦੇ ਚਲ ਰਹੇ ਅਖ਼ਬਾਰਾਂ ਵਿਚ ਖ਼ਾਲਸਾ ਅਖ਼ਬਾਰ (ਲਾਹੌਰ) ਖ਼ਾਲਸਾ ਸਮਾਚਾਰ (ਅੰਮ੍ਰਿਤਸਰ) ਪੰਜਾਬੀ ਭੈਣ (ਫਿਰੋਜ਼ਪੁਰ) ਖ਼ਾਲਸਾ ਧਰਮ ਦੀਪਕ (ਬਟਾਲਾ) ਪੰਜਾਬੀ (ਲੁਧਿਆਣਾ), ਖ਼ਾਲਸਾ ਸੇਵਕ (ਅੰਮ੍ਰਿਤਸਰ) ਅਤੇ ਲਾਇਲ (ਉਰਦੂ, ਲਾਹੌਰ) ਜੋ ਪਿੱਛੋਂ 'ਸ਼ੇਰੇ ਪੰਜਾਬ' ਦੇ ਨਾਂ ਹੇਠਾਂ ਚਲਦਾ ਰਿਹਾ ਆਦਿ ਸ਼ਾਮਲ ਸਨ।

        ਸਿੰਘ ਸਭਾ ਲਹਿਰ ਦਾ ਜ਼ੋਰ 1873 ਈ. ਤੋਂ ਲੈ 1918 ਈ. ਤਕ 45 ਵਰ੍ਹੇ ਰਿਹਾ। ਸੰਨ 1919 ਤੋਂ ਰੋਲਟ ਐਕਟ ਅਤੇ ਜਲ੍ਹਿਆਂ ਵਾਲੇ  ਬਾਗ਼ ਦੇ ਸਾਕੇ ਕਾਰਨ ਹਾਲਾਤ ਬਦਲ ਗਏ। ਸੰਨ 1920 ਵਿਚ ਅਕਾਲੀ ਲਹਿਰ ਸ਼ੁਰੂ ਹੋਣ ਕਾਰਨ ਵੀ ਇਹ ਲਹਿਰ ਮੱਧਮ ਹੋ ਗਈ। ਸਿੰਘ ਸਭਾ ਲਹਿਰ ਦੇ ਪ੍ਰਚਾਰ ਨੇ ਕੈਨੇਡਾ ਤੇ ਅਮਰੀਕਾ ਵਿਚ ਸਿੱਖੀ ਸ਼ਾਨ ਨੂੰ ਚਮਕਾਇਆ। ਸ਼ੰਘਾਈ ਤੇ ਹੋਰ ਟਾਪੂਆਂ, ਬਰਮਾ, ਵੈਨਕੁਵਰ ਤੇ ਸਟਾਕਰਟਨ ਵਿਚ ਗੁਰਦੁਆਰੇ ਤੇ ਖ਼ਾਲਸਾ ਦੀਵਾਨ ਕਾਇਮ ਹੋਏ। ਲੰਡਨ ਵਿਚ ਮਹਾਰਾਜਾ ਭੂਪਿੰਦਰ ਸਿੰਘ (ਪਟਿਆਲਾ) ਨੇ ਖ਼ਾਲਸਾ ਧਰਮਸ਼ਾਲਾ ਕਾਇਮ ਕੀਤੀ ਅਤੇ ਆਪਣੀ ਰਿਆਸਤ ਦੇ ਸਰਕਾਰੀ ਦਫ਼ਤਰਾਂ ਵਿਚ ਪੰਜਾਬੀ ਲਾਗੂ ਕੀਤੀ ਪਰ ਇਸ ਲਹਿਰ ਦੇ ਅੰਤ ਵਿਚ ਸਿੱਟੇ ਚੰਗੇ ਨਾ ਨਿਕਲੇ। ਧੜੇਬੰਦੀ ਨੇ ਸਿੱਖੀ ਪ੍ਰਚਾਰ ਨੂੰ ਬਹੁਤ ਧੱਕਾ ਲਾਇਆ। ਸਿੰਘ ਸਭਾ ਲਹਿਰ ਸਿੱਖੀ ਪ੍ਰੇਮ, ਤਿਆਗ ਤੇ ਸੇਵਾ ਭਾਵ ਦੀ ਲਹਿਰ ਸੀ। ਸ. ਸੁੰਦਰ ਸਿੰਘ ਮਜੀਠੀਆ, ਭਾਈ ਵੀਰ ਸਿੰਘ ਜੀ ਆਦਿ ਸੱਜਣਾਂ ਨੇ ਵੀ ਇਸ ਲਹਿਰ ਵਿਚ ਬਹੁਤ ਯੋਗਦਾਨ ਪਾਇਆ।

        ਸਿੰਘ ਸਭਾ ਲਹਿਰ ਨੇ ਹਰੀਜਨਾਂ ਤੇ ਮੁਸਲਮਾਨਾਂ ਨੂੰ ਵੀ ਅੰਮ੍ਰਿਤ ਛਕਾ ਕੇ ਸਿੰਘ ਸਜਾਣ ਦਾ ਕੰਮ ਅਰੰਭਿਆ। 14 ਜੂਨ, 1903 ਨੂੰ ਪਿੰਡ ਬਕਾਪੁਰ (ਜ਼ਿਲ੍ਹਾ ਜਲੰਧਰ) ਵਿਚ ਮੌਲਵੀ ਕਰੀਮਬਖਸ਼ ਨੂੰ ਪਰਿਵਾਰ ਸਮੇਤ ਸਿੰਘ ਸਜਾਇਆ ਗਿਆ ਤੇ ਉਸ ਦਾ ਨਾਂ ਲਖਬੀਰ ਸਿੰਘ ਰਖਿਆ ਗਿਆ। ਸਿੰਘ ਸਭਾ ਲਹਿਰ ਦੇ ਪ੍ਰਚਾਰ ਨਾਲ ਹੀ ਗੁਰਦੁਆਰਿਆਂ ਦੇ ਸੁਧਾਰ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿਚ ਆਏ ਜੋ ਕਿ ਹੁਣ ਪੰਥ ਦੀ ਧਾਰਮਿਕ ਅਤੇ ਰਾਜਨੀਤਕ ਮਾਮਲਿਆਂ ਵਿਚ ਅਗਵਾਈ ਕਰਦੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਸ ਸਮੇਂ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਸ਼੍ਰੋਮਣੀ ਕਮੇਟੀ ਦੇ ਸਮਾਗਮ ਵਿਚ ਆਪਣੇ ਵਿਚਾਰ 'ਸਰਬ ਹਿੰਦ ਸ੍ਰੀ ਗੁਰੂ ਸਿੰਘ ਸਭਾ ਸ਼ਤਾਬਦੀ ਕਮੇਟੀ' ਦੀ ਸਥਾਪਨਾ ਸਬੰਧੀ ਰੱਖੇ ਜਿਨ੍ਹਾਂ ਨੂੰ ਸਰਬ ਸੰਮਤੀ ਦੁਆਰਾ ਪ੍ਰਵਾਨਗੀ ਪ੍ਰਾਪਤ ਹੋਈ। ਇਸ ਤਰ੍ਹਾਂ 'ਸਰਬ ਹਿੰਦ ਸ੍ਰੀ ਗੁਰੂ ਸਿੰਘ ਸਭਾ ਸ਼ਤਾਬਦੀ ਕਮੇਟੀ' ਦੀ ਸਥਾਪਨਾ ਹੋਈ।

        ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਨੇ ਇਸ ਸ਼ਤਾਬਦੀ ਕਮੇਟੀ ਦਾ ਪ੍ਰਧਾਨ ਸ. ਹੁਕਮ ਸਿੰਘ, ਸਾਬਕਾ ਗਵਰਨਰ ਰਾਜਸਥਾਨ ਤੇ ਸਾਬਕਾ ਸਪੀਕਰ ਲੋਕ ਸਭਾ ਨੂੰ ਥਾਪ ਕੇ ਪੰਥ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਵਾਲੇ ਫੰਡ ਵਿਚੋਂ ਇਕ ਲੱਖ ਰੁਪਏ 'ਸਰਬ ਹਿੰਦ ਸ੍ਰੀ ਗੁਰੂ ਸਿੰਘ ਸਭਾ ਸ਼ਤਾਬਦੀ ਕਮੇਟੀ' ਨੂੰ ਸਿੱਖ ਬੱਚਿਆਂ, ਸਿੱਖ ਨੌਜੁਆਨਾ ਤੇ ਆਮ ਸਮੂਹ ਸੰਗਤਾਂ ਵਿਚ ਠੋਸ ਗੁਰਮਤਿ ਪ੍ਰਚਾਰ ਲਈ ਭੇਟਾ ਕੀਤੇ। ਇਸ ਤੋਂ ਬਿਨਾਂ ਨੌਂ ਲੱਖ ਰੁਪਏ ਹੋਰ ਇੱਕਠੇ ਕਰ ਕੇ ਦੇਣ ਦਾ ਉਤਸ਼ਾਹ ਤੇ ਭਰੋਸਾ ਦਿਵਾਇਆ।

        ਇਸ ਸਿੰਘ ਸਭਾ ਸ਼ਤਾਬਦੀ ਕਮੇਟੀ ਦੇ ਦੂਜੇ 47 ਮੈਂਬਰ ਵੀ ਬਹੁਤ ਗੁਰਮੁਖ ਸੂਝਵਾਨ, ਵਿਦਵਾਨ ਤੇ ਪੰਥ ਦਰਦੀ ਹੀ ਚੁਣੇ ਗਏ ਜਿਵੇਂ ਕਿ ਸੰਤ ਗੁਰਮੁਖ ਸਿੰਘ ਜੀ ਪਟਿਆਲਾ, ਭਾਈ ਸਾਹਿਬ ਭਾਈ ਅਰਦਮਨ ਸਿੰਘ ਜੀ ਬਾਗੜੀਆਂ, ਸਿੰਘ ਸਾਹਿਬ ਗਿਆਨੀ ਸਾਧੂ ਸਿੰਘ ਜੀ (ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ) ਸਰਦਾਰ ਉੱਜਲ ਸਿੰਘ ਜੀ (ਸਾਬਕਾ ਗਵਰਨਰ ਮਦਰਾਸ) ਤੇ ਪ੍ਰਿੰਸੀਪਲ ਸਤਿਬੀਰ ਸਿੰਘ ਜੀ, ਇਨ੍ਹਾਂ ਤੋਂ ਇਲਾਵਾ ਡਾਕਟਰ ਰਾਜਿੰਦਰ ਕੌਰ ਸਪੁਤਰੀ ਪੰਥ ਰਤਨ ਮਾਸਟਰ ਤਾਰਾ ਸਿੰਘ ਅਤੇ ਜਨਰਲ ਸਕੱਤਰ ਸ੍ਰੀਮਾਨ ਗਿਆਨੀ ਗੁਰਦਿੱਤ ਸਿੰਘ ਜੀ ਨੀਯਤ ਕੀਤੇ ਗਏ। ਇਸ ਕਮੇਟੀ ਨੇ ਪੰਥ ਵਿਚ ਸਿੱਖ ਰਹਿਤ ਮਰਿਯਾਦਾ ਸਬੰਧੀ ਪ੍ਰਚਾਰ ਨੂੰ ਕਾਫ਼ੀ ਉਤਸ਼ਾਹ ਦਿੱਤਾ ਅਤੇ ਕਈ ਸਮਾਗਮ ਕੀਤੇ ਜਿਨ੍ਹਾਂ ਵਿਚ ਪੰਥ ਦੇ ਵਿਦਵਾਨਾਂ, ਖੋਜੀਆਂ ਨੂੰ ਸੱਦ ਕੇ ਸਿੱਖ ਧਰਮ ਸਬੰਧੀ ਗੋਸ਼ਟੀਆਂ ਕੀਤੀਆਂ ਗਈਆਂ। ਸਿੱਖ ਨੌਜਵਾਨ ਜੋ ਗੁਰਮਤਿ ਗਿਆਨ ਵੱਲੋਂ ਅਣਜਾਣ ਰਹਿਣ ਕਰ ਕੇ ਅਸ਼ਰਧਕ ਤੇ ਨਾਸਤਕ ਹੋਣੇ ਸ਼ੁਰੂ ਹੋ ਗਏ ਸਨ ਅਤੇ ਇਸ ਤਰ੍ਹਾਂ ਪੰਥ ਨੂੰ ਜੋ ਹਰ ਪਾਸਿਓਂ ਨਿਰਾਸ਼ਾ, ਨਾਸਤਕਤਾ ਅਤੇ ਪਤਿਤਪੁਣੇ ਦੀ ਹਾਨੀਕਾਰਕ ਢਾਹ ਲਗਣੀ ਸ਼ੁਰੂ ਹੋ ਗਈ ਸੀ ਉਸ ਨੂੰ ਥੰਮ੍ਹਣ ਲਈ ਸ੍ਰੀ ਗੁਰੂ ਸਿੰਘ ਸਭਾ ਸ਼ਤਾਬਾਦੀ ਕਮੇਟੀ ਨੂੰ ਆਪਣੇ ਮਿਸ਼ਨ ਵਿਚ ਕਾਫ਼ੀ ਹੱਦ ਤਕ ਸਫ਼ਲਤਾ ਪ੍ਰਾਪਤ ਹੋਈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 12224, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-17-02-40-42, ਹਵਾਲੇ/ਟਿੱਪਣੀਆਂ: ਹ. ਪੁ.–ਪੰਜਾਬ ਦੀਆਂ ਲਹਿਰਾਂ–ਸ਼ਮਸ਼ੇਰ ਸਿੰਘ ਅਸ਼ੋਕ; ਮ. ਕੋ. : 193

ਸਿੰਘ ਸਭਾ ਲਹਿਰ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਸਿੰਘ ਸਭਾ ਲਹਿਰ :  ਸੰਨ 1873 ਵਿਚ ਸਿੰਘ ਸਭਾ ਲਹਿਰ ਦਾ ਜਨਮ ਹੋਇਆ । ਇਸ ਲਹਿਰ ਦਾ ਪ੍ਰਭਾਵ ਬਹੁਤ ਦੂਰਗਾਮੀ ਅਤੇ ਸਿੱਖ ਧਰਮ ਦੀ ਰਹਿਤ ਮਰਿਯਾਦਾ ਦੇ ਮੁੜ ਸੁਰਜੀਤ ਹੋ ਜਾਣ ਪ੍ਰਤੀ ਮਹੱਤਵਪੂਰਨ ਹੈ। ਸੰਨ 1849 ਵਿਚ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਜਾਣ ਤੋਂ ਬਾਅਦ ਪੰਜਾਬ ਵਿਚ ਈਸਾਈ ਮਿਸ਼ਨਰੀਆਂ ਦਾ ਹੜ੍ਹ ਆ ਗਿਆ । ਉਨ੍ਹਾਂ ਨੇ ਪੰਜਾਬ ਵਿਚ ਆਪਣੇ ਸਕੂਲ ਖੋਲ੍ਹੇ ਅਤੇ ਆਪਣੇ ਧਰਮ ਦੇ ਪ੍ਰਚਾਰ ਲਈ ਸੁਸਾਇਟੀਆਂ ਬਣਾਈਆਂ। ਅੰਗਰੇਜ਼ ਸਰਕਾਰ ਨੇ ਮਿਸ਼ਨਰੀਆਂ ਦੀਆਂ ਸਰਗਰਮੀਆਂ ਵਿਚ ਬਹੁਤ ਦਿਲਚਸਪੀ ਦਿਖਾਈ। ਸੰਨ 1873 ਵਿਚ ਅੰਮ੍ਰਿਤਸਰ ਦੇ ਮਿਸ਼ਨ ਸਕੂਲ ਦੇ ਚਾਰ ਸਿੱਖ ਵਿਦਿਆਰਥੀਆਂ ਨੂੰ ਈਸਾਈ ਬਣ ਜਾਣ ਦੀ ਪੇਸ਼ਕਸ਼ ਕੀਤੀ ਗਈ । ਭਾਵੇਂ ਉਨ੍ਹਾਂ ਨੂੰ ਈਸਾਈ ਬਣਨ ਤੋਂ ਰੋਕ ਲਿਆ ਗਿਆ ਪਰ ਸਿੱਖ ਕੌਮ ਇਸ ਤੋਂ ਚੌਕੰਨੀ ਹੋ ਗਈ ।

ਕੁਝ ਹਿੰਦੂ ਮਿਸ਼ਨਰੀ ਲਹਿਰਾਂ ਨੇ ਵੀ ਇਸ ਸਮੇ ਸਿੱਖਾਂ ਦੀ ਇਕ ਵੱਖਰੀ ਅਤੇ ਵਿਸ਼ੇਸ਼ ਹਸਤੀ ਅਤੇ ਪਛਾਣ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ । ਇਨ੍ਹਾਂ ਹਾਲਾਤਾਂ ਦੇ ਸਨਮੁਖ ਸਿੱਖ ਧਰਮ ਦੇ ਕੁਝ ਆਗੂ 1873 ਈ. ਵਿਚ ਅੰਮ੍ਰਿਤਸਰ ਵਿਚ ਇਕੱਠੇ ਹੋਏ ਅਤੇ ਸਿੰਘ ਸਭਾ ਦੀ ਸਥਾਪਨਾ ਕੀਤੀ ਅਤੇ ਸਿੱਖ ਫ਼ਲਸਫ਼ੇ ਨੂੰ ਸੁਰਜੀਤ ਕਰਨ ਦਾ ਫੈਸਲਾ ਕੀਤਾ । ਸੰਨ 1876 ਵਿਚ ਪ੍ਰੋਫ਼ੈਸਰ ਗੁਰਮੁਖ ਸਿੰਘ ਨੇ ਸਿੱਖਾਂ ਦੇ ਸਾਹਮਣੇ ਇਹ ਪ੍ਰੋਗਰਾਮ ਰਖਿਆ ਕਿ ਪੰਜਾਬੀ ਵਿਚ ਸਾਹਿਤ ਰਚਿਆ ਜਾਏ, ਸਿੱਖਾਂ ਨੂੰ ਸਿੱਖ ਸਿਧਾਤਾਂ ਨਾਲ ਜਾਣੂ  ਕਰਾਇਆ ਜਾਏ ।  ਇਨ੍ਹਾਂ ਕਾਰਜਾਂ ਵਿਚ ਅੰਗਰੇਜ਼ ਸਰਕਾਰ ਦਾ ਸਹਿਯੋਗ ਵੀ ਪ੍ਰਾਪਤ ਕੀਤਾ ਜਾਏ । ਅੰਮ੍ਰਿਤਸਰ ਦੀ ਸਿੰਘ ਸਭਾ ਤੋਂ ਇਲਾਵਾ 1879 ਈ. ਵਿਚ ਲਾਹੌਰ ਵਿਚ ਵੀ ਸਿੰਘ ਸਭਾ ਕਾਇਮ ਕੀਤੀ ਗਈ ।

ਸੰਨ 1880 ਵਿਚ ਲਾਹੌਰ ਅਤੇ ਅੰਮ੍ਰਿਤਸਰ ਦੀਆਂ ਸਿੰਘ ਸਭਾਵਾਂ ਨੇ ਸਾਂਝਾ ਇਜਲਾਸ ਬੁਲਾ ਕੇ ਖਾਲਸਾ ਦੀਵਾਨ ਸਥਾਪਤ ਕੀਤਾ । ਬਾਅਦ ਵਿਚ ਖਾਲਸਾ ਦੀਵਾਨ ਨੂੰ ਚੀਫ਼ ਖਾਲਸਾ ਦੀਵਾਨ ਵਿਚ ਬਦਲ ਦਿੱਤਾ । ਇਸ ਲਹਿਰ ਦੇ ਮੁੱਖ ਸਿੱਟਿਆਂ ਵੱਜੋਂ ਪੰਜਾਬ ਵਿਚ ਖਾਲਸਾ ਸਕੂਲਾਂ, ਖਾਲਸਾ ਕਾਲਜਾਂ ਅਤੇ ਵਿਦਿਆ ਦੇ ਹੋਰ ਸਿੱਖ ਕੇਂਦਰਾਂ ਦਾ ਜਾਲ ਫੈਲ ਗਿਆ।

ਸਿੰਘ ਸਭਾ ਲਹਿਰ ਨੇ ਭਾਈ ਵੀਰ ਸਿੰਘ , ਭਾਈ ਕਾਨ੍ਹ ਸਿੰਘ ਨਾਭਾ, ਗਿਆਨੀ ਦਿੱਤ ਸਿੰਘ, ਪ੍ਰੋਫ਼ੈਸਰ ਗੁਰਮੁਖ ਸਿੰਘ ਅਤੇ ਗਿਆਨੀ ਗਿਆਨ ਸਿੰਘ ਵਰਗੇ ਪ੍ਰਸਿੱਧ ਸਿੱਖ ਵਿਦਵਾਨ ਪੈਦਾ ਕੀਤੇ । ਇਨ੍ਹਾਂ ਵਿਦਵਾਨਾਂ ਦੀਆਂ ਲਿਖਤਾਂ ਨੇ ਸਿੱਖ ਮਤ ਵਿਚ ਦਾਖਲ ਹੋ ਗਈਆਂ ਕੁਰੀਤੀਆਂ ਨੂੰ ਵਿਸਥਾਰ ਨਾਲ ਨੰਗਿਆਂ ਕਰ ਕੇ ਸਹੀ ਸੇਧ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀ । ਸਿੰਘ ਸਭਾ ਲਹਿਰ ਦੇ ਪ੍ਰਭਾਵ ਸਦਕਾ ਪੰਜਾਬ ਦੇ ਗੁਰਦੁਆਰਿਆਂ ਉੱਤੇ ਮਹੰਤਾਂ ਦੇ ਕਬਜ਼ਿਆਂ ਵਿਰੁੱਧ ਸੰਘਰਸ਼ ਲਈ ਅਕਾਲੀ ਪਾਰਟੀ ਅਤੇ ਹੋਰ ਸਿੱਖ ਜਥੇਬੰਦੀਆਂ ਹੋਂਦ ਵਿਚ ਆਈਆਂ। ਸਿੰਘ ਸਭਾ ਲਹਿਰ ਨੇ ਸਿੱਖ ਮਤ, ਸਿੱਖ ਸਭਿਆਚਾਰ , ਸਿੱਖ ਵਿਦਿਆ ਅਤੇ ਸਿੱਖ ਸਾਹਿਤ ਨੂੰ ਬੜੇ ਜ਼ੋਰ ਨਾਲ ਪੰਜਾਬ ਵਿਚ ਉਭਾਰਿਆ ਅਤੇ ਇਸ ਲਹਿਰ ਨੇ ਸਿੱਖ ਪਛਾਣ ਅਤੇ ਹੋਂਦ ਨੂੰ ਮੁੜ ਧੁੰਧਲਾ ਹੋਣ ਤੋਂ ਬਚਾ ਲਿਆ ।


ਲੇਖਕ : ਡਾ. ਭਗਤ ਸਿੰਘ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 9848, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-02-08-03-34-37, ਹਵਾਲੇ/ਟਿੱਪਣੀਆਂ:

ਸਿੰਘ ਸਭਾ ਲਹਿਰ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ

ਸਿੰਘ ਸਭਾ ਲਹਿਰ : ‘ਸਿੰਘ ਸਭਾ’ ਦਾ ਅਰੰਭ ਉਨ੍ਹੀਵੀਂ ਸਦੀ ਦੇ ਛੇਕੜਲੇ ਦਹਾਕਿਆਂ ਵਿੱਚ ਇੱਕ ਜਨਤਿਕ ਲਹਿਰ ਦੇ ਰੂਪ ਵਿੱਚ ਹੋਇਆ ਸੀ। ਇਹ ਸਿੱਖ ਪੰਥ ਦੀ ਇੱਕ ਸੁਧਾਰ ਵਾਲੀ ਲਹਿਰ ਸੀ ਜਿਸ ਦੌਰਾਨ ਸਿੱਖਾਂ ਵਿੱਚ ਆਈਆਂ ਕੁਝ ਧਾਰਮਿਕ ਅਤੇ ਸਮਾਜਿਕ ਕੁਰੀਤੀਆਂ ਦੂਰ ਕਰ ਕੇ ਨਿਰੋਲ ਸਿੱਖ ਧਰਮ ਦਾ ਪ੍ਰਚਾਰ ਅਤੇ ਨਵੇਂ ਗਿਆਨ ਦਾ ਪੰਜਾਬੀ ਭਾਸ਼ਾ ਰਾਹੀਂ ਪ੍ਰਸਾਰ ਕੀਤਾ ਗਿਆ।

ਸਿੱਖ ਪੰਥ ਦੀ ਸਥਾਪਨਾ ਸੋਲ੍ਹਵੀਂ ਸਦੀ ਦੇ ਅਰੰਭ ਵਿੱਚ ਗੁਰੂ ਨਾਨਕ ਦੇਵ ਨੇ ਕੀਤੀ ਸੀ। ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ, ਨੇ 30 ਮਾਰਚ 1699 ਵਿਸਾਖੀ ਵਾਲੇ ਦਿਨ ਚਰਨ-ਪਾਹੁਲ ਦੀ ਥਾਂ ਖੰਡੇ ਬਾਟੇ ਦੀ ਪਾਹੁਲ ਚਲਾ ਕੇ ਸਿੱਖ ਪੰਥ ਨੂੰ ਖ਼ਾਲਸਾ ਪੰਥ ਦਾ ਰੂਪ ਦਿੱਤਾ ਸੀ, ਅਤੇ ਇਸ ਨੂੰ ‘ਰਾਜ ਕਰੇਗਾ ਖ਼ਾਲਸਾ’ ਦਾ ਵਰ ਬਖ਼ਸ਼ਸ਼ ਕੀਤਾ ਸੀ। ਅਨੇਕਾਂ ਜੋਖਮਾਂ ਅਤੇ ਕਠਿਨਾਈਆਂ ਵਿੱਚੋਂ ਲੰਘਣ ਤੋਂ ਬਾਅਦ ਖ਼ਾਲਸੇ ਦੀਆਂ ਵੱਖ-ਵੱਖ ਮਿਸਲਾਂ ਨੇ ਅਠਾਰ੍ਹਵੀਂ ਸਦੀ ਦੇ ਆਖਰੀ ਦਹਾਕਿਆਂ ਤੱਕ ਸਿੰਧ ਤੋਂ ਲੈ ਕੇ ਜਮਨਾ ਤੱਕ ਦੇ ਸਾਰੇ ਇਲਾਕੇ ਉੱਤੇ ਕਬਜ਼ਾ ਜਮਾ ਲਿਆ ਸੀ। ਇਸ ਤੋਂ ਪਿੱਛੇ ਸ਼ੁੱਕਰਚੱਕੀਆਂ ਮਿਸਲ ਦੇ ਸਰਦਾਰ, ਰਣਜੀਤ ਸਿੰਘ, ਨੇ ਕਈ ਮਿਸਲਾਂ ਦੇ ਇਲਾਕਿਆਂ ਤੇ ਕਬਜ਼ਾ ਕਰਕੇ ਅਤੇ ਮੁਲਤਾਨ, ਕਸ਼ਮੀਰ ਅਤੇ ਸਰਹੱਦੀ ਸੂਬੇ ਜਿੱਤ ਕੇ ਇੱਕ ਵਿਸ਼ਾਲ ਰਾਜਤੰਤਰ ਦੀ ਸਥਾਪਨਾ ਕੀਤੀ। ਉਸਦੀ ਹਕੂਮਤ ਸਰਕਾਰ ਖ਼ਾਲਸਾ ਜੀ ਅਖਵਾਉਂਦੀ ਸੀ।

‘ਰਾਜ ਕਰੇਗਾ ਖ਼ਾਲਸਾ’ ਦਾ ਵਾਕ ਤਾਂ ਸੱਚਾ ਹੋ ਗਿਆ, ਪਰੰਤੂ ਖ਼ਾਲਸਾ ਜੰਗਾਂ-ਯੁੱਧਾਂ ਦੇ ਰੁਝੇਵੇਂ ਕਾਰਨ ਪੰਥ ਦੇ ਧਾਰਮਿਕ ਪੱਖ ਵੱਲੋਂ ਅਵੇਸਲਾ ਰਿਹਾ। ਫਲਸਰੂਪ ਧਾਰਮਿਕ ਅਸਥਾਨਾਂ ਦੀ ਸੇਵਾ-ਸੰਭਾਲ, ਧਾਰਮਿਕ ਮਰਯਾਦਾ ਅਤੇ ਧਰਮ-ਪ੍ਰਚਾਰ ਉਦਾਸੀ, ਨਿਰਮਲਾ ਆਦਿ ਗ਼ੈਰ-ਖ਼ਾਲਸਾਈ ਹੱਥਾਂ ਵਿੱਚ ਚਲਾ ਗਿਆ। ਇਹ ਸੰਪਰਦਾਵਾਂ ਪਹਿਲਾਂ ਤੋਂ ਹੀ ਬ੍ਰਾਹਮਣਵਾਦ ਦੇ ਅਸਰ ਥੱਲੇ ਰਹੀਆਂ ਸਨ। ਇਹਨਾਂ ਨੇ ਰੂੜ੍ਹੀਵਾਦੀ ਕਰਮਕਾਂਡ ਅਤੇ ਅੰਧ-ਵਿਸ਼ਵਾਸ, ਜਿਨ੍ਹਾਂ ਦਾ ਖੰਡਨ ਗੁਰੂ ਸਾਹਿਬਾਨ ਕਰਦੇ ਰਹੇ ਸਨ, ਵਾਪਸ ਸਿੱਖਾਂ ਵਿੱਚ ਲੈ ਆਂਦੇ। ਨਤੀਜਾ ਇਹ ਹੋਇਆ ਕਿ ਕੇਸ-ਦਾੜ੍ਹੀ ਨੂੰ ਛੱਡ ਕੇ ਸਿੱਖਾਂ ਦੀ ਹਿੰਦੂਆਂ ਨਾਲੋਂ ਕੋਈ ਵੱਖਰੀ ਪਛਾਣ ਨਾ ਰਹੀ। ਮਰਨੇ-ਪਰਨੇ ਦੀਆਂ ਹਿੰਦੂ ਰੀਤਾਂ, ਵਰਤ, ਸਰਾਧ, ਗਊ-ਪੂਜਾ, ਬ੍ਰਾਹਮਣ-ਪਰੋਹਤੀ, ਜੋਤਿਸ਼-ਟੇਵੇ, ਕੁੰਭ-ਜੋਤ ਆਦਿ ਵਹਿਮ-ਪ੍ਰਸਤੀ ਸਧਾਰਨ ਸਿੱਖਾਂ ’ਚ ਪ੍ਰਚਲਿਤ ਹੋ ਗਏ। ਸੁਧਾਰ ਦੇ ਕੁਝ ਯਤਨ ਵੀ ਹੋਏ, ਪਰੰਤੂ ਉਹਨਾਂ ਦਾ ਅਸਰ ਸੀਮਿਤ ਹੀ ਰਿਹਾ। ਬਾਬਾ ਦਯਾਲ ਦੀ ਨਿਰੰਕਾਰੀ ਲਹਿਰ ਪੋਠੇਹਾਰ ਦੇ ਇਲਾਕੇ ਤੋਂ ਅੱਗੇ ਨਾ ਵਧੀ, ਅਤੇ ਬਾਬਾ ਬਾਲਕ ਸਿੰਘ ਅਤੇ ਬਾਬਾ ਰਾਮ ਸਿੰਘ ਦੀ ਨਾਮਧਾਰੀ (ਕੂਕਾ) ਲਹਿਰ ਵੀ ਗੁਰੂ ਡੰਮ ਹੋਣ ਕਾਰਨ ਅਤੇ ਸਰਕਾਰ ਨਾਲ ਟੱਕਰ ਕਾਰਨ ਜ਼ਿਆਦਾ ਨਾ ਫੈਲ ਸਕੀ।

ਸੰਨ 1849 ਵਿੱਚ ਪੰਜਾਬ ਉੱਤੇ ਅੰਗਰੇਜ਼ਾਂ ਦਾ ਪੂਰਾ ਕਬਜ਼ਾ ਹੋ ਗਿਆ। ਲੋਕ ਖ਼ਾਲਸਾ ਰਾਜ ਸਮੇਂ ਜਾਤੀ ਲਾਭ ਲਈ ਵਹੀਰਾਂ ਬੰਨ੍ਹ ਕੇ ਸਿੱਖ ਧਰਮ ਵਿੱਚ ਸ਼ਾਮਲ ਹੋ ਗਏ ਸਨ, ਹੁਣ ਉਸੇ ਤਰ੍ਹਾਂ ਵਹੀਰਾਂ ਬੰਨ੍ਹ ਕੇ ਵਾਪਸ ਆਪਣੇ ਪਹਿਲੇ ਧਰਮਾਂ ਵਿੱਚ ਜਾਣ ਲੱਗੇ। ਓਧਰ ਅੰਗਰੇਜ਼ੀ ਰਾਜ ਹੋਣ ਸਾਰ ਈਸਾਈ ਧਰਮ ਦਾ ਪ੍ਰਚਾਰ ਜ਼ੋਰ-ਸ਼ੋਰ ਨਾਲ ਹੋਣ ਲੱਗਾ। ਖ਼ੁਦ ਸਿੱਖਾਂ ਦਾ ਅੰਤਿਮ ਮਹਾਰਾਜਾ (ਦਲੀਪ ਸਿੰਘ) ਵੀ ਈਸਾਈ ਬਣ ਗਿਆ। ਸਿੱਖਾਂ ਦੀ ਗਿਣਤੀ ਇੱਕ ਦਮ ਘਟਣ ਲੱਗੀ। ਸੂਝਵਾਨ ਸਿੱਖਾਂ ਨੂੰ ਬੜੀ ਚਿੰਤਾ ਹੋਈ ਪਰੰਤੂ ਸਿੱਖੀ ਵਿੱਚੋਂ ਨਿਕਾਸ ਨੂੰ ਰੋਕਣ ਲਈ ਕੋਈ ਕਦਮ ਨਾ ਚੁੱਕਿਆ ਗਿਆ। ਸੰਨ 1872 ਵਿੱਚ ਨਾਮਧਾਰੀ ਗੁਰੂ, ਬਾਬਾ ਰਾਮ ਸਿੰਘ, ਨੂੰ ਅੰਗਰੇਜ਼ਾਂ ਨੇ ਕੈਦ ਕਰ ਕੇ ਦੇਸ ਨਿਕਾਲਾ ਦੇ ਦਿੱਤਾ ਜਿਸ ਨਾਲ ਨਾਮਧਾਰੀ ਪ੍ਰਚਾਰ ਵੀ ਮੱਠਾ ਪੈ ਗਿਆ। ਸੰਨ 1868 ਵਿੱਚ ਹੋਈ ਪੰਜਾਬ ਦੀ ਪਹਿਲੀ ਮਰਦਮਸ਼ੁਮਾਰੀ ਅਨੁਸਾਰ ਸਿੱਖਾਂ ਦੀ ਅਬਾਦੀ ਕੇਵਲ 11,41,848 ਰਹਿ ਗਈ ਸੀ।

ਸੰਨ 1873 ਦੇ ਸ਼ੁਰੂ ਵਿੱਚ ਦੋ ਘਟਨਾਵਾਂ ਅਜਿਹੀਆਂ ਵਾਪਰੀਆਂ ਜਿਨ੍ਹਾਂ ਨੇ ਪੰਥ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ। ਮਿਸ਼ਨ ਸਕੂਲ, ਅੰਮ੍ਰਿਤਸਰ, ਦੇ ਚਾਰ ਸਿੱਖ ਵਿੱਦਿਆਰਥੀਆਂ ਨੇ ਖੁੱਲ੍ਹਮ-ਖੁੱਲ੍ਹਾ ਈਸਾਈ ਬਣ ਜਾਣ ਦਾ ਆਪਣਾ ਇਰਾਦਾ ਪ੍ਰਗਟਾਇਆ। ਇਸ ਤੋਂ ਕੁਝ ਅਰਸਾ ਬਾਅਦ ਇੱਕ ਬ੍ਰਾਹਮਣ, ਸ਼ਰਧਾ ਰਾਮ ਫਿਲੌਰੀ, ਨੇ ਦਰਬਾਰ ਸਾਹਿਬ ਦੇ ਨਾਲ ਲਗਦੇ ਗੁਰੂ ਕੇ ਬਾਗ ਵਿੱਚ ਕਥਾ ਕਰਨੀ ਸ਼ੁਰੂ ਕੀਤੀ, ਜਿਸ ਦੌਰਾਨ ਉਸ ਨੇ ਗੁਰੂ ਨਾਨਕ ਦੇਵ ਬਾਰੇ ਕੁਝ ਅਯੋਗ ਗੱਲਾਂ ਕਹੀਆਂ, ਜਿਨ੍ਹਾਂ ਦਾ ਕੁਝ ਸਿੱਖ ਨੌਜਵਾਨਾਂ ਨੇ ਕਰੜਾ ਵਿਰੋਧ ਕੀਤਾ। ਇਸ ਨਾਲ ਪੰਥ ਦੀਆਂ ਕੁਝ ਨਾਮਵਰ ਹਸਤੀਆਂ ਨੇ ਇਹ ਮਹਿਸੂਸ ਕੀਤਾ ਕਿ ਸਿੱਖ ਧਰਮ ਨੂੰ ਈਸਾਈ ਜਾਂ ਹੋਰ ਧਰਮਾਂ ਦੇ ਹਮਲੇ ਤੋਂ ਬਚਾਉਣ ਲਈ ਉਪਰਾਲਾ ਕਰਨਾ ਜ਼ਰੂਰੀ ਹੈ। ਇਸ ਆਸ਼ੇ ਨਾਲ ਉਸੇ ਸਾਲ 30 ਜੁਲਾਈ ਨੂੰ ਗੁਰੂ ਕੇ ਬਾਗ ਵਿੱਚ ਹੀ ਬਾਬਾ ਖੇਮ ਸਿੰਘ ਬੇਦੀ, ਸਰਦਾਰ ਠਾਕਰ ਸਿੰਘ ਸੰਧਾਂਵਾਲੀਆ, ਕੰਵਰ ਬਿਕਰਮਾ ਸਿੰਘ, ਗਿਆਨੀ ਗਿਆਨ ਸਿੰਘ ਆਦਿ ਮੁਖੀ ਸਿੱਖਾਂ ਨੇ ਇਕੱਠੇ ਹੋ ਕੇ ‘ਸ੍ਰੀ ਗੁਰੂ ਸਿੰਘ ਸਭਾ’ ਨਾਮ ਦੀ ਸੰਸਥਾ ਬਣਾਉਣ ਦਾ ਫ਼ੈਸਲਾ ਕੀਤਾ। ਇਸ ਸਭਾ ਦੀ ਪਹਿਲੀ ਮੀਟਿੰਗ 1 ਅਕਤੂਬਰ 1873, ਦੁਸਹਿਰੇ ਵਾਲੇ ਦਿਨ, ਅਕਾਲ ਤਖ਼ਤ ਦੇ ਸਾਮ੍ਹਣੇ ਹੋਈ। ਇਸ ਵਿੱਚ ਸਭਾ ਦੇ ਅਸੂਲ ਅਤੇ ਨਿਸ਼ਾਨੇ ਤਹਿ ਕੀਤੇ ਗਏ। ਮੁੱਖ ਨਿਸ਼ਾਨੇ ਇਹ ਸਨ :

1.        ਪੰਥ ਦੀਆਂ ਧਾਰਮਿਕ ਅਤੇ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਕੇ ਸਿੱਖੀ ਦੇ ਗੁਰੂਆਂ ਦੁਆਰਾ ਦੱਸੇ ਅਸੂਲਾਂ ਨੂੰ ਉਜਾਗਰ ਕਰਨਾ ਅਤੇ ਉਸ ਦਾ ਪ੍ਰਚਾਰ ਕਰਨਾ।

2.       ਸਿੱਖਾਂ ਦੇ ਧਾਰਮਿਕ ਅਤੇ ਇਤਿਹਾਸਿਕ ਵਿਰਸੇ ਦੀ ਖੋਜ, ਪੜਚੋਲ ਕਰਕੇ ਮੁਨਾਸਬ ਸਾਹਿਤ ਦਾ ਪ੍ਰਕਾਸ਼ਨ ਅਤੇ ਪ੍ਰਸਾਰ ਕਰਨਾ।

3.       ਪੰਜਾਬੀ (ਗੁਰਮੁਖੀ) ਰਾਹੀਂ ਨਵੇਂ ਗਿਆਨ ਅਤੇ ਵਿੱਦਿਆ ਦਾ ਪ੍ਰਚਾਰ ਕਰਨਾ, ਪੰਜਾਬੀ ਭਾਸ਼ਾ ਵਿੱਚ ਅਖ਼ਬਾਰ ਅਤੇ ਰਸਾਲੇ ਕੱਢਣੇ।

4.       ਪਤਿਤ ਹੋਏ ਸਿੱਖਾਂ ਦਾ ਸੁਧਾਰ ਅਤੇ ਅੰਮ੍ਰਿਤ ਪ੍ਰਚਾਰ।

5.       ਅੰਗਰੇਜ਼ ਸਰਕਾਰ ਨਾਲ ਮਿਲਵਰਤਨ ਰੱਖਣਾ ਅਤੇ ਸਭਾ ਦੇ ਵਿੱਦਿਅਕ ਟੀਚੇ ਪ੍ਰਾਪਤ ਕਰਨ ਲਈ ਸਰਕਾਰੀ ਸਹਿਯੋਗ ਲੈਣਾ।

ਸਿੰਘ ਸਭਾ ਨੂੰ ਸਹੀ ਅਰਥਾਂ ਵਿੱਚ ਇੱਕ ਲਹਿਰ ਦਾ ਰੂਪ ਦੇਣ ਦਾ ਸਿਹਰਾ ਭਾਈ ਗੁਰਮੁਖ ਸਿੰਘ ਅਤੇ ਉਸ ਦੇ ਦੋ ਸਾਥੀਆਂ, ਗਿਆਨੀ ਦਿੱਤ ਸਿੰਘ ਅਤੇ ਭਾਈ ਜਵਾਹਰ ਸਿੰਘ ਕਪੂਰ, ਦੇ ਸਿਰ ਜਾਂਦਾ ਹੈ। ਗੁਰਮੁਖ ਸਿੰਘ ਇੱਕ ਗ਼ਰੀਬ ਪਰਿਵਾਰ ਦਾ ਜੰਮਪਲ ਸੀ, ਜੋ ਕੰਵਰ ਬਿਕਰਮਾ ਸਿੰਘ ਦੀ ਸਹਾਇਤਾ ਨਾਲ ਪੜ੍ਹ-ਲਿਖ ਕੇ ਲਾਹੌਰ ਦੇ ਓਰੀਐਂਟਲ (ਪੂਰਬੀ ਭਾਸ਼ਾਈ) ਕਾਲਜ ਵਿੱਚ ਅਧਿਆਪਕ ਅਤੇ ਬਾਅਦ ਵਿੱਚ ਪੰਜਾਬੀ ਯੂਨੀਵਰਸਿਟੀ ਵਿੱਚ ਪ੍ਰੋਫ਼ੈਸਰ ਬਣ ਗਿਆ। ਉਸ ਦੇ ਉੱਦਮ ਨਾਲ 1879 ਵਿੱਚ ਲਾਹੌਰ ਵਿੱਚ ਸ੍ਰੀ ਗੁਰੂ ਸਿੰਘ ਸਭਾ ਬਣ ਗਈ। ਫਿਰ ਇਹਨਾਂ ਸਭਾਵਾਂ ਵਿੱਚ ਤਾਲ-ਮੇਲ ਰੱਖਣ ਲਈ ਅੰਮ੍ਰਿਤਸਰ ਵਿੱਚ ਇੱਕ ਜਨਰਲ ਸਿੰਘ ਸਭਾ ਬਣਾਈ ਗਈ, ਜਿਸ ਨੂੰ 1883 ਵਿੱਚ ਖ਼ਾਲਸਾ ਦੀਵਾਨ ਅੰਮ੍ਰਿਤਸਰ ਦਾ ਨਾਮ ਦਿੱਤਾ ਗਿਆ। ਇਸ ਦਾ ਪ੍ਰਧਾਨ ਬਾਬਾ ਖੇਮ ਸਿੰਘ ਬੇਦੀ ਅਤੇ ਮੁੱਖ ਸਕੱਤਰ ਭਾਈ ਗੁਰਮੁਖ ਸਿੰਘ ਬਣਿਆ। ਬਾਬਾ ਖੇਮ ਸਿੰਘ ਗੁਰੂ ਨਾਨਕ ਦੇਵ ਜੀ ਦੀ ਅੰਸ਼ ਹੋਣ ਕਰਕੇ ਉਸ ਦੀ ਆਪਣੀ ਸਿੱਖੀ ਸੇਵਕੀ ਸੀ ਜਿਸ ਵਿੱਚ ਬਹੁਤੀ ਗਿਣਤੀ ਸਹਿਜਧਾਰੀ ਸਿੱਖਾਂ ਦੀ ਸੀ। ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਵਿਸ਼ੇਸ਼ ਗਦੇਲਾ ਲਾ ਕੇ ਬਹਿੰਦਾ ਸੀ ਅਤੇ ਸਿੱਖਾਂ ਤੋਂ ਆਪਣੇ ਚਰਨਾਂ ਤੇ ਮੱਥਾ ਟਿਕਾਉਂਦਾ ਸੀ। ਉਹ ਇਹ ਵੀ ਚਾਹੁੰਦਾ ਸੀ ਕਿ ਸਿੰਘ ਸਭਾ ਦਾ ਨਾਮ ਸਿੱਖ ਸਿੰਘ ਸਭਾ ਰੱਖ ਦਿੱਤਾ ਜਾਵੇ ਅਤੇ ਉਸ ਵਿੱਚ ਸਹਿਜਧਾਰੀਆਂ ਨੂੰ ਵੀ ਸ਼ਾਮਲ ਕੀਤਾ ਜਾਵੇ। ਭਾਈ ਗੁਰਮੁਖ ਸਿੰਘ ਅਗਾਂਹ-ਵਧੂ ਖਿਆਲਾਂ ਵਾਲਾ ਸੀ। ਉਸ ਨੇ ਇਹਨਾਂ ਮੁੱਦਿਆ ਅਤੇ ਖ਼ਾਲਸਾ ਦੀਵਾਨ, ਅੰਮ੍ਰਿਤਸਰ, ਦੇ ਹੋਰ ਸਨਾਤਨੀ ਵਿਚਾਰ-ਵਿਹਾਰਾਂ ਦਾ ਵਿਰੋਧ ਕੀਤਾ, ਅਤੇ ਆਪਣੇ ਸੁਧਾਰਵਾਦੀ ਸਾਥੀਆਂ ਨਾਲ ਮਿਲ ਕੇ 1886 ਵਿੱਚ ਵੱਖਰਾ ਖ਼ਾਲਸਾ ਦੀਵਾਨ, ਲਾਹੌਰ, ਬਣਾ ਲਿਆ। ਹੁਣ ਥਾਂ-ਥਾਂ ਸ੍ਰੀ ਗੁਰੂ ਸਿੰਘ ਸਭਾਵਾਂ ਕਾਇਮ ਹੋਣ ਲੱਗੀਆਂ। ਪੰਜਾਬ ਵਿੱਚ ਹੀ ਨਹੀਂ; ਹਿੰਦੁਸਤਾਨ ਦੇ ਹੋਰ ਸੂਬਿਆਂ ਵਿੱਚ ਵੀ ਜਿੱਥੇ ਕਿਤੇ ਸਿੱਖ ਅਬਾਦੀ ਸੀ, ਜਿਵੇਂ ਕਿ ਸੱਖਰ (ਸਿੰਧ), ਕੁਇਟਾ (ਬਲੋਚਸਤਾਨ), ਅਜਮੇਰ (ਰਾਜਪੂਤਾਨਾ), ਝਾਂਸੀ (ਸੀ.ਪੀ.), ਨਦਰੇਈ (ਯੂ.ਪੀ.), ਕਲਕੱਤਾ (ਬੰਗਾਲ); ਅਤੇ ਬਾਹਰਲੇ ਦੇਸਾਂ ਵਿੱਚ ਵੀ, ਜਿਵੇਂ ਪੇਨਾਂਗ (ਮਲਾਯਾ), ਰੰਗੂਨ ਅਤੇ ਸਵੈਬੋ (ਬਰਮਾ) ਹਾਂਗ-ਕਾਂਗ, ਸੰਘਈ (ਚੀਨ) ਅਤੇ ਨੈਰੋਬੀ (ਈਸਟ ਅਫ਼ਰੀਕਾ) ਆਦਿ ਵਿੱਚ ਵੀ ਸਿੰਘ ਸਭਾਵਾਂ ਬਣ ਗਈਆ। ਇਹਨਾਂ ਵਿੱਚੋਂ ਵਧੇਰੇ ਖ਼ਾਲਸਾ ਦੀਵਾਨ, ਲਾਹੌਰ, ਨਾਲ ਜੁੜੀਆਂ ਹੋਈਆਂ ਸਨ। ਸਿੰਘ ਸਭਾਵਾਂ ਦੇ ਪ੍ਰਚਾਰ ਦੇ ਫਲਸਰੂਪ ਪੰਜਾਬ ਵਿੱਚ ਸਿੱਖ ਅਬਾਦੀ 1868 ਵਿੱਚ ਸਾਢੇ ਗਿਆਰਾਂ ਲੱਖ ਤੋਂ ਵੀ ਘੱਟ ਸੀ, 1881 ਵਿੱਚ ਸਾਢੇ ਅਠਾਰਾਂ ਲੱਖ, 1891 ਵਿੱਚ ਉੱਨੀ ਲੱਖ ਅਤੇ 1901 ਵਿੱਚ ਬਾਈ ਲੱਖ ਦੇ ਕਰੀਬ ਹੋ ਗਈ। ਇਸ ਦੇ ਨਾਲ ਹੀ ਵਿੱਦਿਆ ਦਾ ਬੜਾ ਪ੍ਰਸਾਰ ਹੋਇਆ। ਅਨੇਕਾਂ ਸ਼ਹਿਰਾਂ, ਕਸਬਿਆਂ, ਅਤੇ ਕਈ ਪਿੰਡਾਂ ਵਿੱਚ ਮੁੰਡਿਆਂ ਅਤੇ ਕੁੜੀਆਂ ਲਈ ਸਰਕਾਰੀ ਸਕੂਲਾਂ ਤੋਂ ਇਲਾਵਾ ਖ਼ਾਲਸਾ ਸਕੂਲ ਖੋਲ੍ਹੇ ਗਏ। 1892 ਵਿੱਚ ਖ਼ਾਲਸਾ ਕਾਲਜ, ਅੰਮ੍ਰਿਤਸਰ, ਦੀ ਸਥਾਪਨਾ ਹੋਈ। ਅਨੇਕ ਅਖ਼ਬਾਰਾਂ, ਰਸਾਲਿਆਂ, ਟ੍ਰੈਕਟਾਂ, ਪੁਸਤਕਾਂ ਰਾਹੀਂ ਸਿੱਖ ਧਰਮ ਅਤੇ ਰਹਿਤ-ਬਹਿਤ ਦਾ ਪ੍ਰਚਾਰ ਕੀਤਾ ਗਿਆ। ਭਾਵੇਂ ਖ਼ਾਲਸਾ ਦੀਵਾਨ ਅੰਮ੍ਰਿਤਸਰ ਨੇ ਵੀ ਸਿੱਖੀ ਦਾ ਅਤੇ ਵਿੱਦਿਆ ਦਾ ਕਾਫ਼ੀ ਪ੍ਰਚਾਰ ਕੀਤਾ, ਪਰੰਤੂ ਚੜ੍ਹਤ ਲਾਹੌਰ ਦੀਵਾਨ ਦੀ ਹੀ ਸੀ। ਅੰਮ੍ਰਿਤਸਰ ਦੀਵਾਨ ਵਾਲੇ ਸਿੱਖਾਂ ਨੂੰ ਹਿੰਦੂਆਂ ਦੀ ਸੰਪਰਦਾਇ ਹੀ ਸਮਝਦੇ ਸਨ, ਜਦ ਕਿ ਲਾਹੌਰ ਖ਼ਾਲਸਾ ਦੀਵਾਨ ਅਨੁਸਾਰ ਸਿੱਖ ਧਰਮ ਇੱਕ ਨਿਵੇਕਲਾ ਧਰਮ ਅਤੇ ਸਿੱਖ ਪੰਥ ਵਿੱਚ ਨਿਵੇਕਲੀ ਕੌਮ ਹੋਣ ਦਾ ਦਾਅਵਾ ਕੀਤਾ ਗਿਆ।

ਉਨ੍ਹੀਵੀਂ ਸਦੀ ਦੇ ਅੰਤਲੇ ਸਾਲਾਂ ਵਿੱਚ ਦੋਹਾਂ ਦੀਵਾਨਾਂ ਦੇ ਅਨੇਕ ਮੋਢੀ ਨੇਤਾਵਾਂ ਦੇ ਚਲਾਣਾ ਕਰ ਜਾਣ ਕਾਰਨ ਦੋਹਾਂ ਦਾ ਕੰਮ ਮੱਠਾ ਪੈ ਗਿਆ। ਤਦ ਸਿੰਘ ਸਭਾ ਲਹਿਰ ਨੂੰ ਚਲਾਈ ਰੱਖਣ ਲਈ ਇੱਕ ਨਵੀਂ ਸੰਸਥਾ ਵਜੂਦ ਵਿੱਚ ਆਈ, ਜਿਸ ਦਾ ਨਾਮ ਚੀਫ਼ ਖ਼ਾਲਸਾ ਦੀਵਾਨ ਸੀ। ਇਸ ਦੀ ਸਥਾਪਨਾ 1902 ਵਿੱਚ ਹੋਈ। ਜਦੋਂ ਭਾਈ ਅਰਜਨ ਸਿੰਘ ਬਾਗੜੀਆਂ ਇਸ ਦੇ ਪ੍ਰਧਾਨ ਅਤੇ ਸਰਦਾਰ ਸੁੰਦਰ ਸਿੰਘ ਮਜੀਠਿਆ ਇਸ ਦੇ ਸਕੱਤਰ ਥਾਪੇ ਗਏ। ਇਹ ਦੀਵਾਨ ਅਜੇ ਵੀ ਕਾਇਮ ਹੈ। ਇਸ ਵਿੱਚ ਵੱਡੇ-ਵੱਡੇ ਧਨਾਢ ਸਰਦਾਰ (ਅੰਗਰੇਜ਼ੀ ਵਿੱਚ ਚੀਫ਼) ਮੋਹਰੀ ਰਹੇ ਹਨ। ਧਾਰਮਿਕ ਸੁਧਾਰ ਦੇ ਨਾਲ-ਨਾਲ ਇਸ ਨੇ ਵਿੱਦਿਅਕ ਖੇਤਰ ਵਿੱਚ ਬਹੁਤ ਯੋਗਦਾਨ ਪਾਇਆ ਹੈ। ਖ਼ਾਲਸਾ ਦੀਵਾਨ, ਲਾਹੌਰ, ਵਾਂਗ ਚੀਫ਼ ਖ਼ਾਲਸਾ ਦੀਵਾਨ ਦੀ ਨੀਤੀ ਵੀ ਸਰਕਾਰ ਨਾਲ ਮਿਲਵਰਤਨ ਦੀ ਰਹੀ। ਪਰੰਤੂ ਵੀਹਵੀਂ ਸਦੀ ਦੇ ਅਰੰਭ ਤੋਂ ਹੀ ਭਾਰਤ ਦੇ ਰਾਜਨੀਤਿਕ ਮਾਹੌਲ ਵਿੱਚ ਚੌਖੀ ਤਬਦੀਲੀ ਆ ਗਈ। ਦੇਸ ਵਿੱਚ ਅਜ਼ਾਦੀ ਦੀ ਲਹਿਰ ਦਾ ਮੁੱਢ ਬੱਝ ਚੁੱਕਾ ਸੀ, ਅਤੇ ਸਿੱਖਾਂ ਵਿੱਚ ਵੀ ਸਿੰਘ ਸਭਾ ਲਹਿਰ ਨੇ ਇੱਕ ਨਵੀਂ ਜਾਗ੍ਰਿਤੀ ਲਿਆਂਦੀ ਸੀ। ਧਾਰਮਿਕ ਸੂਝ ਨੇ ਸਿੱਖਾਂ ਦਾ ਧਿਆਨ ਆਪਣੇ ਧਰਮ-ਅਸਥਾਨਾਂ ਵਿੱਚ ਹੋ ਰਹੀਆਂ ਕੁਰੀਤੀਆਂ ਵੱਲ ਮੋੜਿਆ। ਵੱਡੇ-ਵੱਡੇ ਗੁਰਦੁਆਰਿਆਂ ਅਤੇ ਉਹਨਾਂ ਨਾਲ ਸਿੱਖ ਰਾਜ ਦੇ ਸਮੇਂ ਲੱਗੀਆਂ ਜਗੀਰਾਂ ਉੱਤੇ ਉਦਾਸੀ ਮਹੰਤਾਂ ਅਤੇ ਸਨਾਤਨੀ ਪੁਜਾਰੀਆਂ ਦਾ ਕਬਜ਼ਾ ਸੀ। ਇਹਨਾਂ ਵਿੱਚ ਬਹੁਤ ਸਾਰੇ ਭ੍ਰਿਸ਼ਟ ਅਤੇ ਦੁਰਾਚਾਰੀ ਸਨ, ਅਤੇ ਗੁਰਦੁਆਰਿਆਂ ਦੀ ਜਾਇਦਾਦ ਨੂੰ ਆਪੋ-ਆਪਣੀ ਜਾਤੀ ਮਲਕੀਅਤ ਬਣਾਈ ਬੈਠੇ ਸਨ। ਅੰਗਰੇਜ਼ ਹਕੂਮਤ ਆਪਣੇ ਕਨੂੰਨ ਅਨੁਸਾਰ ਇਹਨਾਂ ਦੇ ਕਬਜ਼ੇ ਨੂੰ ਜਾਇਜ਼ ਸਮਝਦੇ ਸਨ ਅਤੇ ਚੀਫ਼ ਖ਼ਾਲਸਾ ਦੀਵਾਨ ਦੇ ਸਰਦਾਰ ਸਰਕਾਰ ਪ੍ਰਸਤ ਸਨ। ਨਤੀਜਾ ਇਹ ਹੋਇਆ ਕਿ ਚੀਫ਼ ਖ਼ਾਲਸਾ ਦੀਵਾਨ ਦੀ ਸਾਖ ਘੱਟ ਗਈ। ਲੋਕਾਂ ਨੇ ਗੁਰਦੁਆਰਿਆਂ ਦੇ ਸੁਧਾਰ ਹਿਤ ਸੈਂਟਰਲ ਮਾਝਾ ਖ਼ਾਲਸਾ ਦੀਵਾਨ ਵਰਗੇ ਕਈ ਦਲ ਬਣਾ ਲਏ। ਸੰਨ 1914 ਵਿੱਚ ਅੰਗਰੇਜ਼ਾਂ ਦੀ ਨਵੀਂ ਰਾਜਧਾਨੀ ਦਿੱਲੀ ਵਿੱਚ ਬਣਾਉਣ ਸਮੇਂ ਇਤਿਹਾਸਿਕ ਗੁਰਦੁਆਰਾ ਰਕਾਬਗੰਜ ਦੀ ਇੱਕ ਕੰਧ ਢਾਹ ਦਿੱਤੀ ਗਈ। ਇਸ ਨਾਲ ਪਹਿਲਾਂ ਹੀ ਸ਼ੁਰੂ ਹੋ ਚੁੱਕੇ ਗੁਰਦੁਆਰਾ ਸੁਧਾਰ ਨੇ ਇੱਕ ਸਿਆਸੀ ਰੰਗ ਲੈ ਲਿਆ। ਇਹ ਸਿੰਘ ਸਭਾ ਲਹਿਰ ਦਾ ਅੰਤ ਸੀ। ਗੁਰਦੁਆਰਾ ਸੁਧਾਰ ਲਹਿਰ ਅਥਵਾ ਅਕਾਲੀ ਲਹਿਰ ਨੇ ਇਸ ਦੀ ਥਾਂ ਲੈ ਲਈ।


ਲੇਖਕ : ਗੁਰਮੁਖ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ , ਹੁਣ ਤੱਕ ਵੇਖਿਆ ਗਿਆ : 10748, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2019-03-20-12-36-16, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.